Whanganui ‘ਚ ਸ਼ੁੱਕਰਵਾਰ ਨੂੰ ਇੱਕ ਵਾਹਨ ਦੇ ਇੱਕ ਘਰ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਅਨੁਸਾਰ ਵਾਹਨ ‘ਚ ਸਵਾਰ ਵਿਅਕਤੀ ਪੁਲਿਸ ਤੋਂ ਭੱਜ ਰਿਹਾ ਸੀ। ਵਾਹਨ ਨੂੰ ਅਲਮਾ ਰੋਡ ‘ਤੇ ਖ਼ਤਰਨਾਕ ਢੰਗ ਨਾਲ ਚਲਾਉਂਦੇ ਹੋਏ ਦੇਖਿਆ ਗਿਆ ਸੀ ਅਤੇ ਜਦੋਂ ਇਸ ਨੂੰ ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਵਿਅਕਤੀ ਨਹੀਂ ਰੁਕਿਆ ਤੇ ਭੱਜ ਗਿਆ। ਇਸ ਦੌਰਾਨ ਪੁਲਿਸ ਨੇ ਗੱਡੀ ਦਾ ਪਿੱਛਾ ਨਹੀਂ ਕੀਤਾ, ਪਰ ਬਾਅਦ ਵਿੱਚ ਦੁਪਹਿਰ ਦੇ ਕਰੀਬ ਵਾਹਨ ਅਲਮਾ ਰੋਡ ਅਤੇ ਪੌਇੰਟਰ ਪਲੇਸ ਦੇ ਕੋਨੇ ‘ਤੇ ਇੱਕ ਘਰ ਨਾਲ ਟਕਰਾਇਆ ਹੋਇਆ ਪਾਇਆ ਗਿਆ ਸੀ। ਜਦਕਿ ਵਾਹਨ ‘ਚ ਸਵਾਰ ਇਕਲੌਤਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਡਰਾਈਵਰ ਦੇ ਠਿਕਾਣੇ ਬਾਰੇ ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਮੌਜੂਦ ਹੈ।
