ਇੰਗਲੈਂਡ ਅਤੇ ਸਕਾਟਲੈਂਡ ਦੀ ਫੁਟਬਾਲ ਟੀਮ ਵਿਚਕਾਰ ਵੈਂਬਲੀ ਸਟੇਡੀਅਮ ਵਿੱਚ ਖੇਡੇ ਗਏ ਯੂਈਐਫਏ ਯੂਰੋ 2020 ਦੇ ਦੂਜੇ ਗੇੜ ਦਾ ਗਰੁੱਪ ਡੀ ਮੈਚ ਗੋਲ ਰਹਿਤ ਯਾਨੀ ਕਿ ਡਰਾਅ ਰਿਹਾ ਹੈ। 1872 ਤੋਂ ਇੰਗਲੈਂਡ ਅਤੇ ਸਕਾਟਲੈਂਡ ਵਿਚਾਲੇ ਇਹ 115 ਵਾਂ ਟਕਰਾਅ ਸੀ। ਜਦੋਂ 1996 ਵਿੱਚ ਯੂਰੋ ਕੱਪ ਵਿੱਚ ਦੋਵੇਂ ਟੀਮਾਂ ਇੱਕ ਸਮੂਹ ਪੜਾਅ ਮੈਚ ਵਿੱਚ ਭਿੜੀਆਂ ਸਨ ਤਾਂ ਇੰਗਲੈਂਡ ਨੇ ਇਹ ਮੈਚ 2-0 ਨਾਲ ਜਿੱਤ ਲਿਆ ਸੀ। ਇਸ ਦੌਰਾਨ ਮੈਚ ਦੌਰਾਨ ਲੰਡਨ ਪੁਲਿਸ ਨੇ ਸਟੇਡੀਅਮ ਅਤੇ ਸ਼ਹਿਰ ਦੇ ਕੇਂਦਰ ਨੇੜੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਹਜ਼ਾਰਾਂ ਸਕਾਟਲੈਂਡ ਪ੍ਰਸ਼ੰਸਕਾਂ ਨੇ ਇੰਗਲੈਂਡ ਦੀ ਰਾਜਧਾਨੀ ਵਿੱਚ ਪਏ ਭਾਰੀ ਮੀਂਹ ਦੇ ਬਾਵਜੂਦ ਲੰਡਨ ਦੀ ਯਾਤਰਾ ਕੀਤੀ, ਜਿਨ੍ਹਾਂ ਵਿੱਚੋਂ ਬਹੁਤਿਆਂ ਕੋਲ ਮੈਚ ਲਈ ਟਿਕਟ ਨਹੀਂ ਸੀ।
ਪਰ ਇਸ ਮੈਚ ਤੋਂ ਬਾਅਦ ਇੱਕ ਵੱਖਰਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਦਰਅਸਲ ਸਕਾਟਲੈਂਡ ਦੇ ਕੁੱਝ ਪ੍ਰਸ਼ੰਸਕ ਇੰਗਲੈਂਡ ਖ਼ਿਲਾਫ਼ ਮੈਚ ਤੋਂ ਬਾਅਦ ਪਈ ਗੰਦਗੀ ਦੀ ਸਾਫ਼-ਸਫ਼ਾਈ ਵਿੱਚ ਸਹਾਇਤਾ ਲਈ ਸ਼ਨੀਵਾਰ ਨੂੰ ਲੈਸਟਰ ਸਕੁਏਰ ਵਾਪਿਸ ਪਰਤ ਆਏ। ਜਿੱਥੇ ਮੈਚ ਤੋਂ ਬਾਅਦ ਪ੍ਰਸੰਸਕਾਂ ਨੇ ਜਸ਼ਨ ਮਨਾਏ ਸੀ। ਸਥਾਨਕ ਅਧਿਕਾਰੀਆਂ ਵੱਲੋਂ ਕੋਵਿਡ -19 ਦੇ ਫੈਲਣ ਤੋਂ ਰੋਕਣ ਲਈ ਗੈਰ ਸੰਗਠਿਤ ਵਿਸ਼ਾਲ ਇਕੱਠਾਂ ਤੋਂ ਬੱਚਣ ਦੀ ਬੇਨਤੀ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਲਿਸੇਟਰ ਸਕਵਾਇਰਸ ਵਿੱਚ ਜਸ਼ਨ ਸਮਾਰੋਹ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਬੋਤਲਾਂ, ਗੱਤਾ ਅਤੇ ਪਲਾਸਟਿਕ ਦੇ ਬੈਗ ਗਲੀਆਂ ਵਿੱਚ ਵਿੱਚ ਸੁੱਟ ਦਿੱਤੇ ਗਏ।
ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਵੀਡਿਓਜ਼ ਵਿੱਚ ਸਕਾਟਲੈਂਡ ਦੇ ਪ੍ਰਸ਼ੰਸਕਾਂ ਨੂੰ ਸ਼ਨੀਵਾਰ ਨੂੰ ਸਾਫ-ਸਫਾਈ ਵਿੱਚ ਸਹਾਇਤਾ ਕਰਦੇ ਦੇਖਿਆ ਗਿਆ। ਲੋਕਾਂ ਦੇ ਜਸ਼ਨ ਦੌਰਾਨ ਵਿਸ਼ਵ-ਪ੍ਰਸਿੱਧ ਸ਼ੈਕਸਪੀਅਰ ਦਾ ਬੁੱਤ ਵੀ ਗੰਦਾ ਹੋ ਗਿਆ ਸੀ, ਜਦੋਂ ਕੁੱਝ ਪ੍ਰਸ਼ੰਸਕ ਇਸ ਉੱਤੇ ਚੜ੍ਹਦੇ ਅਤੇ ਉਸ ਉੱਤੇ ਬੈਠੇ ਹੋਏ ਵੇਖੇ ਗਏ, ਸੰਗਮਰਮਰ ਦੇ ਬੁੱਤ ਉੱਤੇ ਗਾਰੇ ਦੇ ਪੈਰਾਂ ਦੇ ਨਿਸ਼ਾਨ ਵੀ ਦਿੱਖ ਰਹੇ ਸਨ। ਝਰਨੇ ਦਾ ਪਾਣੀ ਬੀਅਰ ਦੀਆ ਬੋਤਲਾਂ ਅਤੇ ਕੂੜੇਦਾਨ ਨਾਲ ਭਰਿਆ ਹੋਇਆ ਸੀ।