ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਯੂਰਪ ਵਿੱਚ ਖਤਰਨਾਕ ਗਰਮੀ ਦੀ ਲਹਿਰ ਹੋਰ ਰਿਕਾਰਡ ਤੋੜ ਸਕਦੀ ਹੈ। ਵਿਗਿਆਨੀਆਂ ਨੂੰ ਪਹਿਲਾਂ ਹੀ ਡਰ ਸਤਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਭੈੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਵਾਤਾਵਰਣ ਭੂਗੋਲ ਵਿਗਿਆਨੀ ਥਾਮਸ ਸਮਿਥ ਨੇ ਕਿਹਾ, “ਮੈਨੂੰ ਕਿਸੇ ਵੀ ਸਮੇਂ ਬਾਰੇ ਨਹੀਂ ਪਤਾ ਜਦੋਂ ਜਲਵਾਯੂ ਪ੍ਰਣਾਲੀ ਦੇ ਸਾਰੇ ਹਿੱਸੇ ਰਿਕਾਰਡ ਤੋੜ ਰਹੇ ਹਨ।”
ਇੰਪੀਰੀਅਲ ਕਾਲਜ ਲੰਡਨ ਦੇ ਕਲਾਈਮੇਟ ਸਾਇੰਸ ਲੈਕਚਰਾਰ ਡਾ. ਪਾਉਲੋ ਸੇਪੀ ਕਹਿੰਦੇ ਹਨ, “ਧਰਤੀ ‘ਤੇ ਗਰਮੀ ਦਾ ਕਾਰਨ ਜੈਵਿਕ ਈਂਧਨ ਜਲਾਉਣ ਕਾਰਨ ਗਲੋਬਲ ਵਾਰਮਿੰਗ ਹੈ। ਡਾ. ਪਾਉਲੋ ਨੇ ਕਿਹਾ ਕਿ ਇਸ ਸਾਲ ਗਰਮੀ ਨੇ ਚਾਰ ਰਿਕਾਰਡ ਤੋੜ ਦਿੱਤੇ ਹਨ, ਜਿਸ ਵਿੱਚ ਸਭ ਤੋਂ ਗਰਮ ਦਿਨ, ਵਿਸ਼ਵ ਪੱਧਰ ‘ਤੇ ਸਭ ਤੋਂ ਗਰਮ ਜੂਨ, ਅਤਿਅੰਤ ਸਮੁੰਦਰੀ ਗਰਮੀ, ਘੱਟ ਅੰਟਾਰਕਟਿਕ ਸਮੁੰਦਰੀ ਬਰਫ਼ ਦਾ ਰਿਕਾਰਡ ਸ਼ਾਮਿਲ ਹੈ। ਦੱਸ ਦੇਈਏ ਕਿ ਇਸ ਸਾਲ ਜੁਲਾਈ ਵਿੱਚ ਸਭ ਤੋਂ ਵੱਧ ਗਰਮੀ ਦਾ ਰਿਕਾਰਡ ਸੀ। ਜਿਸ ਨੇ 2016 ਦਾ ਰਿਕਾਰਡ ਤੋੜ ਦਿੱਤਾ ਹੈ।
ਯੂਰਪੀਅਨ ਯੂਨੀਅਨ ਦੀ ਜਲਵਾਯੂ ਨਿਗਰਾਨੀ ਸੇਵਾ, ਕੋਪਰਨਿਕਸ ਦੇ ਅਨੁਸਾਰ, ਔਸਤ ਗਲੋਬਲ ਤਾਪਮਾਨ ਪਹਿਲੀ ਵਾਰ 17 ਡਿਗਰੀ ਸੈਲਸੀਅਸ ਤੋਂ ਉੱਪਰ ਵਧਿਆ ਹੈ, ਜੋ 6 ਜੁਲਾਈ ਨੂੰ 17.08 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਗਰਮੀ ਵਧਣ ਦਾ ਕਾਰਨ ਤੇਲ, ਕੋਲਾ ਅਤੇ ਗੈਸ ਵਰਗੇ ਜੈਵਿਕ ਬਾਲਣਾਂ ਨੂੰ ਸਾੜਨ ਨਾਲ ਪੈਦਾ ਹੋਣ ਵਾਲਾ ਨਿਕਾਸ ਹੈ। ਇੰਪੀਰੀਅਲ ਕਾਲਜ ਲੰਡਨ ਦੇ ਜਲਵਾਯੂ ਵਿਗਿਆਨੀ ਡਾ: ਫਰੈਡਰਿਕ ਓਟੋ ਦਾ ਕਹਿਣਾ ਹੈ ਕਿ ਗ੍ਰੀਨਹਾਊਸ ਗੈਸਾਂ ਕਾਰਨ ਦੁਨੀਆ ਗਰਮ ਹੋ ਰਹੀ ਹੈ।
ਔਸਤ ਗਲੋਬਲ ਸਮੁੰਦਰੀ ਤਾਪਮਾਨ ਨੇ ਮਈ, ਜੂਨ ਅਤੇ ਜੁਲਾਈ ਦੇ ਰਿਕਾਰਡ ਤੋੜ ਦਿੱਤੇ ਹਨ। ਇਹ 2016 ਵਿੱਚ ਦਰਜ ਕੀਤੇ ਗਏ ਸਭ ਤੋਂ ਉੱਚੇ ਸਮੁੰਦਰੀ ਸਤਹ ਦੇ ਤਾਪਮਾਨ ਦੇ ਨੇੜੇ ਹੈ, ਪਰ ਉੱਤਰੀ ਅਟਲਾਂਟਿਕ ਮਹਾਂਸਾਗਰ ਵਿੱਚ ਬਹੁਤ ਜ਼ਿਆਦਾ ਗਰਮੀ ਵਿਗਿਆਨੀਆਂ ਨੂੰ ਖਾਸ ਤੌਰ ‘ਤੇ ਚਿੰਤਾਜਨਕ ਕਰ ਰਹੀ ਹੈ।