ਪੰਜਾਬ ਦੇ ਤਰਨਤਾਰਨ ‘ਚ ਸਕੂਲ ਬੱਸ ਅਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਸ਼ਨੀਵਾਰ ਸਵੇਰੇ ਜ਼ੀਰੋ ਵਿਜ਼ੀਬਿਲਟੀ ਕਾਰਨ ਵਾਪਰਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਬੱਸ ਪਲਟ ਗਈ। ਜਿਸ ਵਿੱਚ 8 ਸਾਲਾ ਬੱਚੇ ਅਤੇ ਬੱਸ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ।
ਘਟਨਾ ਤਰਨਤਾਰਨ ਅਧੀਨ ਪੈਂਦੇ ਪਿੰਡ ਸ਼ੇਖਚੱਕ ਦੀ ਹੈ। ਸਕੂਲ ਬੱਸ ਐਸਬੀਐਸ ਸਕੂਲ ਅਤੇ ਕਾਲਜ ਦੀ ਦੱਸੀ ਜਾਂ ਰਹੀ ਹੈ। ਬੱਸ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲਿਜਾਣ ਲਈ ਰਵਾਨਾ ਹੋਈ ਸੀ। ਹਾਦਸੇ ਵੇਲੇ ਬੱਸ ਵਿੱਚ 12 ਬੱਚੇ ਮੌਜੂਦ ਸਨ। ਸਕੂਲ ਦੀ ਬੱਸ ਪਿੰਡ ਸ਼ੇਖਚੱਕ ਦੀ ਲਿੰਕ ਸੜਕ ’ਤੇ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਆਇਆ ਅਤੇ ਦੋਵਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਸੜਕ ਦੇ ਵਿਚਕਾਰ ਪਲਟ ਗਈ।