ਹਰਿਆਣਾ ਦੇ ਰੋਹਤਕ ਜ਼ਿਲੇ ਦੇ ਸਾਂਪਲਾ ‘ਚ ਚੌਧਰੀ ਛੋਟੂਰਾਮ ਸਮਾਰਕ ਸਥਾਨ ‘ਤੇ ਵੀਰਵਾਰ ਨੂੰ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਇਸ ਮਹਾਪੰਚਾਇਤ ‘ਚ ਸਾਬਕਾ ਰਾਜਪਾਲ ਸਤਿਆ ਪਾਲ ਮਲਿਕ ਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਵੀ ਵਿਰੋਧੀ ਧਿਰ ਇਕਜੁੱਟ ਹੋਈ ਹੈ, ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਦੇ ਸਾਹਮਣੇ ਇੱਕ ਹੀ ਵਿਰੋਧੀ ਉਮੀਦਵਾਰ ਹੋਵੇਗਾ। ਇਸ ਦੇ ਲਈ ਯੋਜਨਾ ਬਣਾਈ ਗਈ ਹੈ। ਮਲਿਕ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਇਸ ਵੇਲੇ 10 ਉਮੀਦਵਾਰ ਹਨ ਜੋ PM ਬਣਨ ਦੇ ਯੋਗ ਹਨ।
ਜਦੋਂ ਮੀਡੀਆ ਨੇ ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੂੰ ਚੋਣ ਲੜਨ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਨਾ ਤਾਂ ਕਿਸੇ ਪਾਰਟੀ ਵਿੱਚ ਸ਼ਾਮਿਲ ਹੋਣਗੇ ਅਤੇ ਨਾ ਹੀ ਚੋਣ ਲੜਨਗੇ, ਪਰ ਜੋ ਵੀ ਭਾਜਪਾ ਨੂੰ ਹਰਾਏਗਾ, ਉਸਦੀ ਮਦਦ ਕਰਨਗੇ। ਇਸ ਦੇ ਨਾਲ ਹੀ ਮਲਿਕ ਤੋਂ ਪੀਐਮ ਚਿਹਰੇ ਬਾਰੇ ਪੁੱਛਿਆ ਗਿਆ ਕਿ ਪੀਐਮ ਵਜੋਂ ਸਭ ਤੋਂ ਵਧੀਆ ਚਿਹਰਾ ਕੌਣ ਹੋ ਸਕਦਾ ਹੈ। ਇਸ ‘ਤੇ ਮਲਿਕ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਚਿਹਰਾ ਹਾਂ।
ਪਹਿਲਵਾਨਾਂ ਦੇ ਮੁੱਦੇ ‘ਤੇ ਸਾਬਕਾ ਗਵਰਨਰ ਮਲਿਕ ਨੇ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਾਜਪਾ ਸਿਰਫ਼ ਸੱਤਾ ਦੀ ਪਰਵਾਹ ਕਰਦੀ ਹੈ, ਕਿਸੇ ਹੋਰ ਦੀ ਪਰਵਾਹ ਨਹੀਂ ਕਰਦੀ। ਇਸ ਦੇ ਨਾਲ ਹੀ ਮਲਿਕ ਨੇ ਪੁਲਵਾਮਾ ਮਾਮਲੇ ਦੀ ਜਾਂਚ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਨੇ ਅਜੇ ਤੱਕ ਪੁਲਵਾਮਾ ਮਾਮਲੇ ਦੀ ਜਾਂਚ ਕਿਉਂ ਨਹੀਂ ਕਰਵਾਈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਸਾਬਕਾ ਗਵਰਨਰ ਮਲਿਕ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਜੇਕਰ ਭਾਜਪਾ ਨੂੰ ਨਾ ਹਰਾਇਆ ਗਿਆ ਤਾਂ ਦੇਸ਼ ਦੇ ਹਾਲਾਤ ਵਿਗੜ ਸਕਦੇ ਹਨ।