ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਤੀਜੇ ਸਥਾਨ ਦੇ ਪਲੇਆਫ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਓਲੰਪਿਕ ਖੇਡਾਂ ਵਿੱਚ ਆਪਣਾ ਲਗਾਤਾਰ ਦੂਜਾ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (30ਵੇਂ, 33ਵੇਂ ਮਿੰਟ) ਨੇ ਦੋ ਗੋਲ ਕੀਤੇ, ਜਦਕਿ ਸਪੇਨ ਦਾ ਇਕਮਾਤਰ ਗੋਲ ਕਪਤਾਨ ਮਾਰਕ ਮਿਰਾਲੇਸ ਨੇ 18ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਨਾਲ ਕੀਤਾ ਸੀ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਅਤੇ ਸ਼ਖਸੀਅਤਾਂ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਖਿਡਾਰੀਆਂ ਵੀ ਫੋਨ ਕਰ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਕੈਪਟਨ ਹਰਮਨਪ੍ਰੀਤ ਨੂੰ ਸਰਪੰਚ ਕਹਿ ਕੇ ਬੁਲਾਇਆ, ਜਿਸ ਤੋਂ ਬਾਅਦ ਸਾਰੇ ਹੱਸ ਪਏ। ਪੀਐਮ ਮੋਦੀ ਨੇ ਪੀਆਰ ਸ਼੍ਰੀਜੇਸ਼ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਫਲ ਕਰੀਅਰ ਤੋਂ ਬਾਅਦ ਰਿਟਾਇਰਮੈਂਟ ਲੈਣ ‘ਤੇ ਵਧਾਈ ਦਿੱਤੀ। ਉਨ੍ਹਾਂ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀ ਟੀਮ ਦੀ ਮਿਹਨਤ ਇੱਕ ਵਾਰ ਫਿਰ ਰੰਗ ਲਿਆਈ ਹੈ।