ਸੋਮਵਾਰ ਸ਼ਾਮ ਨੂੰ ਕਬੱਡੀ ਜਗਤ ਦੇ ਲਈ ਇੱਕ ਬਹੁਤ ਹੀ ਮੰਦਭਾਗੀ ਖਬਰ ਵਾਪਰੀ ਹੈ। ਜਲੰਧਰ ਜਿਲ੍ਹੇ ਦੇ ਪਿੰਡ ਮੱਲੀਆਂ ਖੁਰਦ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਕੁੱਝ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੰਦੀਪ ਨੰਗਲ ਅੰਬੀਆਂ ਦੀ ਮੌਤ ਹੋ ਗਈ। ਸੰਦੀਪ ਨੰਗਲ ਅੰਬੀਆਂ ਨੂੰ ਕਾਫੀ ਗੋਲੀਆਂ ਲੱਗੀਆਂ ਸਨ ਜਿਸ ਤੋਂ ਬਾਅਦ ਸੰਦੀਪ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ। ਪਰ ਸੰਦੀਪ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਘਟਨਾ ਜਲੰਧਰ ਜ਼ਿਲ੍ਹੇ ਦੇ ਮੱਲ੍ਹੀਆਂ ਖੁਰਦ ਕਬੱਡੀ ਕੱਪ ਦੌਰਾਨ ਵਾਪਰੀ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਸਵਿਫ਼ਟ ਕਾਰ ‘ਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਸੰਦੀਪ ਨੰਗਲ ਅੰਬੀਆਂ ‘ਤੇ ਹਮਲਾ ਕੀਤਾ ਗਿਆ ਸੀ। ਦੱਸ ਦੇਈਏ ਕਿ ਸੰਦੀਪ ਨੰਗਲ ਮੇਜਰ ਕਬੱਡੀ ਲੀਗ ਦਾ ਮੁੁੱਖ ਅਹੁਦੇਦਾਰ ਸੀ। ਸੰਦੀਪ ਵਰਲਡ ਕੱਪ ਕਬੱਡੀ ਸਣੇ ਕਈ ਲੀਗ ਵੀ ਖੇਡ ਚੁੱਕਿਆ ਸੀ। ਅੱਜ ਸੰਦੀਪ ਨੰਗਲ ਨੂੰ ਮੱਲੀਆਂ ਵਿਖੇ ਟੂਰਨਾਮੈਂਟ ਦੌਰਾਨ ਸਨਮਾਨਿਤ ਕੀਤਾ ਜਾਣਾ ਸੀ।