ਫਿਲਮ ਅਦਾਕਾਰ ਸਲਮਾਨ ਖਾਨ ਨੂੰ ਕੁੱਝ ਦਿਨ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਧਮਕੀ ‘ਚ ਕਿਹਾ ਗਿਆ ਸੀ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਦਾ ਸਿੱਧੂ ਮੂਸੇਵਾਲਾ ਵਾਲਾ ਹਾਲ ਹੋਵੇਂਗਾ। ਸਲਮਾਨ ਖਾਨ ਅਤੇ ਸਲੀਮ ਖਾਨ ਨੂੰ ਇਹ ਧਮਕੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਕੁੱਝ ਦਿਨ ਬਾਅਦ ਹੀ ਮਿਲੀ ਸੀ। ਉਦੋਂ ਤੋਂ ਭਾਈਜਾਨ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਹੈ।
ਇਸ ਧਮਕੀ ਤੋਂ ਬਾਅਦ ਸਲਮਾਨ ਖਾਨ ਨੇ ਆਪਣੀ ਸੁਰੱਖਿਆ ਲਈ ਹਥਿਆਰ ਦੇ ਲਾਇਸੈਂਸ ਲਈ ਅਪਲਾਈ ਕੀਤਾ ਸੀ। ਇਸ ਸਬੰਧ ਵਿੱਚ ਅੱਜ ਸਮਲਾਨ ਖਾਨ ਨੇ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨਾਲ ਵੀ ਮੁਲਾਕਾਤ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਕਮਿਸ਼ਨਰ ਨੇ ਉਨ੍ਹਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਫਿਰ ਸਲਮਾਨ ਖਾਨ ਨੂੰ ਆਪਣੀ ਸੁਰੱਖਿਆ ਬਾਰੇ ਦੱਸਿਆ। ਐਸਬੀ ਦੀ ਰਿਪੋਰਟ ਕੀ ਕਹਿੰਦੀ ਹੈ, ਇਸ ਬਾਰੇ ਵੀ ਜਾਣੂ ਕਰਵਾਇਆ।
ਦੱਸ ਦੇਈਏ ਕਿ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੇ ਇੱਕ ਗੁਰਗੇ ਨੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਵਿੱਚ ਲਾਰੈਂਸ ਫਿਲਹਾਲ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਜਦੋਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਸਵੇਰੇ ਜੌਗਿੰਗ ਲਈ ਗਏ ਤਾਂ ਜਿਸ ਬੈਂਚ ‘ਤੇ ਉਹ ਬੈਠੇ ਸਨ, ਉਥੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੇਟੇ ਸਲਮਾਨ ਖਾਨ ਦੇ ਨਾਂ ‘ਤੇ ਧਮਕੀ ਭਰੀ ਚਿੱਠੀ ਮਿਲੀ ਸੀ, ਉਸ ਚਿੱਠੀ ‘ਚ ਲਿਖਿਆ ਸੀ ਕਿ ਸਲਮਾਨ ਖਾਨ ਦਾ ਵੀ Sidhu Moosewala ਹਾਲ ਹੋਵੇਗਾ। ਇਹ ਪੱਤਰ ਮਿਲਣ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ, ਹਾਲਾਂਕਿ ਇਸ ਨਾਲ ਉਨ੍ਹਾਂ ਦੀ ਰੁਟੀਨ ਲਾਈਫ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਅਦਾਕਾਰ ਵੀ ਲਗਾਤਾਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਹਨ।