ਸੁਪਰਸਟਾਰ ਸਲਮਾਨ ਖਾਨ ਨੇ ਮੰਗਲਵਾਰ ਨੂੰ ਆਪਣਾ 57ਵਾਂ ਜਨਮਦਿਨ ਮਨਾਇਆ ਹੈ। ਇਸ ਖਾਸ ਮੌਕੇ ‘ਤੇ ਸਲਮਾਨ ਦੀ ਇੱਕ ਝਲਕ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਗਲੈਕਸੀ ਅਪਾਰਟਮੈਂਟਸ ਦੇ ਬਾਹਰ ਇਕੱਠੇ ਹੋ ਗਏ ਪਰ ਜਲਦੀ ਹੀ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗਲੈਕਸੀ ਅਪਾਰਟਮੈਂਟ ‘ਚ ਸਲਮਾਨ ਖਾਨ ਦੇ ਪ੍ਰਸ਼ੰਸਕ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਹੈ। ਵੀਡੀਓ ਵਿੱਚ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਲੋਕ ਇਧਰ-ਉਧਰ ਭੱਜਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਹਰ ਸਾਲ ਆਪਣੇ ਜਨਮਦਿਨ ‘ਤੇ ਸਲਮਾਨ ਖਾਨ ਗਲੈਕਸੀ ਅਪਾਰਟਮੈਂਟ ਦੀ ਬਾਲਕੋਨੀ ‘ਚ ਆਉਂਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਮਿਲਦੇ ਹਨ।
ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਗਲੈਕਸੀ ਅਪਾਰਟਮੈਂਟ ਦੇ ਹੇਠਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਦੇਖੀ ਜਾ ਸਕਦੀ ਹੈ। ਤਸਵੀਰ ‘ਚ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਵੱਲ ਮੂੰਹ ਕੀਤਾ ਹੋਇਆ ਹੈ। ਫੋਟੋ ਪੋਸਟ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਕੈਪਸ਼ਨ ‘ਚ ਲਿਖਿਆ, ‘ਤੁਹਾਡਾ ਸਾਰਿਆਂ ਦਾ ਧੰਨਵਾਦ’।