ਐਤਵਾਰ ਨੂੰ ਖੇਡੇ ਗਏ ਮੈਚ ‘ਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਹਰ ਦਿੱਤਾ ਸੀ। ਹਾਰ ਭਾਵੇ ਭਾਰਤ ਦੀ ਹੋਈ ਹੈ ਪਰ ਦੁਖੀ ਪਾਕਿਸਤਾਨ ਹੈ ਕਿਉਂਕਿ ਪਾਕਿਸਤਾਨ ਦੀਆਂ ਆਈਸੀਸੀ ਟੀ-20 ਵਿਸ਼ਵ ਕੱਪ-2022 ਦੇ ਸੈਮੀਫਾਈਨਲ ‘ਚ ਜਾਣ ਦੀਆਂ ਉਮੀਦਾਂ ਇਸ ਮੈਚ ‘ਤੇ ਟਿਕੀਆਂ ਹੋਈਆਂ ਸਨ। ਜੇਕਰ ਭਾਰਤ ਜਿੱਤ ਜਾਂਦਾ ਤਾਂ ਪਾਕਿਸਤਾਨ ਨੂੰ ਫਾਇਦਾ ਹੁੰਦਾ ਅਤੇ ਆਖਰੀ-4 ‘ਚ ਜਾਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਮਜ਼ਬੂਤ ਹੁੰਦੀਆਂ। ਪਰ ਅਜਿਹਾ ਨਹੀਂ ਹੋਇਆ। ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸਲੀਮ ਮਲਿਕ ਨੇ ਭਾਰਤ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਟੀਮ ਇੰਡੀਆ ਇਹ ਮੈਚ ਜਾਣ ਬੁੱਝ ਕੇ ਹਾਰੀ ਹੈ।
ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਪਾਕਿਸਤਾਨ ਨੂੰ ਇਸ ਮਗਰੋਂ ਜ਼ਿੰਬਾਬਵੇ ਨੇ ਵੀ ਹਰਾ ਦਿੱਤਾ ਸੀ। ਇਸ ਦੇ ਨਾਲ ਹੀ ਭਾਰਤ ਨੇ ਨੀਦਰਲੈਂਡ ਖਿਲਾਫ ਜਿੱਤ ਦਰਜ ਕੀਤੀ। ਦੋ ਹਾਰਾਂ ਤੋਂ ਬਾਅਦ ਪਾਕਿਸਤਾਨ ਦੀਆਂ ਅਗਲੇ ਦੌਰ ‘ਚ ਜਾਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਹੁਣ ਉਸ ਨੂੰ ਦੂਜੀਆਂ ਟੀਮਾਂ ‘ਤੇ ਨਿਰਭਰ ਰਹਿਣਾ ਪਵੇਗਾ। ਦੱਖਣੀ ਅਫਰੀਕਾ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਮਲਿਕ ਨੇ ਦੋਸ਼ ਲਾਇਆ ਹੈ ਕਿ ਟੀਮ ਇੰਡੀਆ ਨਹੀਂ ਚਾਹੁੰਦੀ ਕਿ ਪਾਕਿਸਤਾਨ ਸੈਮੀਫਾਈਨਲ ਲਈ ਕੁਆਲੀਫਾਈ ਕਰੇ, ਇਸ ਲਈ ਉਹ ਦੱਖਣੀ ਅਫਰੀਕਾ ਤੋਂ ਹਾਰ ਗਈ। ਇੱਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ, “ਭਾਰਤ ਕਦੇ ਨਹੀਂ ਚਾਹੇਗਾ ਕਿ ਪਾਕਿਸਤਾਨ ਅੱਗੇ ਵਧੇ।”
ਭਾਰਤ ਦੀ ਕਮਜ਼ੋਰ ਫੀਲਡਿੰਗ ‘ਤੇ ਨਿਸ਼ਾਨਾ ਸਾਧਦੇ ਹੋਏ ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ, ”ਜੇਕਰ ਭਾਰਤ ਨੇ ਅੱਜ ਥੋੜ੍ਹੀ ਬਿਹਤਰ ਫੀਲਡਿੰਗ ਕੀਤੀ ਹੁੰਦੀ ਤਾਂ ਉਹ ਮੈਚ ਜਿੱਤ ਜਾਂਦੇ। ਮੈਨੂੰ ਲੱਗਦਾ ਹੈ ਕਿ ਸਭ ਤੋਂ ਨਿਰਾਸ਼ਾਜਨਕ ਗੱਲ ਇਹ ਸੀ ਕਿ ਅੱਜ ਭਾਰਤ ਨੇ ਖਰਾਬ ਫੀਲਡਿੰਗ ਕੀਤੀ, ਇਹ ਕੈਚ ਮਿਸ ਨਹੀਂ ਹੋਣ ਵਾਲੇ ਹਨ। ਮਲਿਕ ਨੇ ਕਿਹਾ ਕਿ ਟੀਮ ਇੰਡੀਆ ਪਾਕਿਸਤਾਨ ਨੂੰ ਪਸੰਦ ਨਹੀਂ ਕਰਦੀ। ਸਾਬਕਾ ਕਪਤਾਨ ਨੇ ਕਿਹਾ, ”ਭਾਰਤ ਅਤੇ ਪਾਕਿਸਤਾਨ ਹਮੇਸ਼ਾ ਹੀ ਦੁਸ਼ਮਣ ਰਹੇ ਹਨ। ਪਰ ਉਨ੍ਹਾਂ ਨੇ ਜੋ ਫੀਲਡਿੰਗ ਕੀਤੀ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ੁਰੂਆਤ ਵਿਚ ਉਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਜੋਸ਼ ਦਿਖਾਇਆ। ਪਰ ਉਨ੍ਹਾਂ ਨੇ ਜੋ ਫੀਲਡਿੰਗ ਕੀਤੀ ਹੈ, ਉਸ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਕਦੇ ਵੀ ਪਸੰਦ ਨਹੀਂ ਆਇਆ।