ਰੂਸ ਵੱਲੋਂ ਤਕਰੀਬਨ ਪਿਛਲੇ 1 ਮਹੀਨੇ ਤੋਂ ਲਗਾਤਾਰ ਯੂਕਰੇਨ ‘ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਹੁਣ ਨਿਊਜ਼ੀਲੈਂਡ ਵਿੱਚ ਰਹਿੰਦੇ ਰੂਸੀ ਨਾਗਰਿਕਾਂ ਦੇ ਇੱਕ ਸਮੂਹ ਨੇ ਵੈਲਿੰਗਟਨ ਵਿੱਚ ਰੂਸ ਦੇ ਦੂਤਾਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰਦਰਸ਼ਨ ਯੂਕਰੇਨ ‘ਤੇ ਕੀਤੇ ਜਾ ਰਹੇ ਹਮਲੇ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਰੂਸ ਦੀ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਯੁੱਧ ਦੇ ਵਿਰੋਧੀ ਹਨ ਅਤੇ ਸ਼ਾਂਤੀ ਚਾਹੁੰਦੇ ਹਨ। ਵਿਰੋਧ ਪ੍ਰਦਰਸ਼ਨ ਦੀ ਇੱਕ ਪ੍ਰਬੰਧਕ, ਨਤਾਲੀਆ ਵੇਲੀਵਾ ਨੇ ਕਿਹਾ ਕਿ ਉਹ “ਜਿੰਨੀ ਜਲਦੀ ਹੋ ਸਕੇ ਸ਼ਾਂਤੀ” ਚਾਹੁੰਦੀ ਹੈ। ਅਸੀਂ ਰੂਸ ਤੋਂ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਕੀ ਹੋ ਰਿਹਾ ਹੈ, ਨਾ ਸਿਰਫ ਯੂਕਰੇਨ ਅਤੇ ਯੂਕਰੇਨ ਵਿੱਚ ਸਾਡੇ ਦੋਸਤਾਂ ‘ਤੇ, ਬਲਕਿ ਰੂਸ ਅਤੇ ਰੂਸ ਵਿੱਚ ਸਾਡੇ ਦੋਸਤਾਂ ਅਤੇ ਪਰਿਵਾਰਾਂ ‘ਤੇ ਵੀ।”
ਉਨ੍ਹਾਂ ਅੱਗੇ ਕਿਹਾ ਕਿ, “ਅਸੀਂ ਨਾ ਸਿਰਫ਼ ਯੂਕਰੇਨ ਬਲਕਿ ਆਪਣੇ ਦੇਸ਼ ਦੇ ਭਵਿੱਖ ਨੂੰ ਲੈ ਕੇ ਡਰੇ ਹੋਏ ਅਤੇ ਸਾਡੇ ਦਿਲ ਟੁੱਟੇ ਹੋਏ ਨੇ ਅਤੇ ਅਸੀਂ ਦੋਵਾਂ ਦੇਸ਼ਾਂ ਲਈ ਸ਼ਾਂਤੀ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਉਹ “ਫੌਜੀ ਕਾਰਵਾਈ ਦੇ ਵਿਰੁੱਧ ਹਨ” ਇਸ ਦੌਰਾਨ ਸਮੂਹ ਵਿੱਚ ਕੁੱਝ ਬੇਲਾਰੂਸੀਅਨ ਵੀ ਸ਼ਾਮਿਲ ਸਨ ਜੋ ਯੁੱਧ ਦੇ ਵਿਰੋਧ ਵਿੱਚ ਸਨ। ਇੱਕ ਵਿਅਕਤੀ ਨੇ ਕਿਹਾ ਕਿ ਉਹ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਆਕਲੈਂਡ ਤੋਂ ਆਏ ਸਨ।