ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈਪੀਸੀ) ਨੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਬੀਜਿੰਗ ਵਿੱਚ ਹੋਣ ਵਾਲੀਆਂ ਵਿੰਟਰ ਪੈਰਾਲੰਪਿਕ ਖੇਡਾਂ 2022 ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਇਹ ਖਿਡਾਰੀ ਰੂਸ ਅਤੇ ਬੇਲਾਰੂਸ ਦੇ ਝੰਡੇ ਹੇਠ ਹਿੱਸਾ ਨਹੀਂ ਲੈ ਸਕਣਗੇ। ਇਨ੍ਹਾਂ ਖਿਡਾਰੀਆਂ ਨੂੰ ਨਿਰਪੱਖ ਹੋ ਕੇ ਇਸ ਸਮਾਗਮ ਵਿੱਚ ਹਿੱਸਾ ਲੈਣਾ ਹੋਵੇਗਾ। ਆਈਪੀਸੀ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਹੈ।
ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਇਸ ਹਫਤੇ ਸਾਰੀਆਂ ਖੇਡ ਫੈਡਰੇਸ਼ਨਾਂ ਨੂੰ ਰੂਸ ਅਤੇ ਬੇਲਾਰੂਸ ਦੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਮੁਅੱਤਲ ਕਰਨ ਦਾ ਸੁਝਾਅ ਦਿੱਤਾ ਹੈ। ਹਾਲਾਂਕਿ, ਕਮੇਟੀ ਨੇ ਇਹ ਵੀ ਕਿਹਾ ਸੀ ਕਿ ਜੇਕਰ ਸਮਾਂ ਅਤੇ ਕਾਨੂੰਨੀ ਰੁਕਾਵਟਾਂ ਇਨ੍ਹਾਂ ਟੀਮਾਂ ਅਤੇ ਖਿਡਾਰੀਆਂ ਨੂੰ ਬਾਹਰ ਹੋਣ ਤੋਂ ਰੋਕਦੀਆਂ ਹਨ, ਤਾਂ ਉਨ੍ਹਾਂ ਨੂੰ ਨਿਰਪੱਖ ਤੌਰ ‘ਤੇ ਈਵੈਂਟ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਆਈਓਸੀ ਦੀ ਸਲਾਹ ‘ਤੇ, ਆਈਪੀਸੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ‘ਇਹ ਖਿਡਾਰੀ ਪੈਰਾਲੰਪਿਕ ਦੇ ਝੰਡੇ ਹੇਠ ਖੇਡਾਂ ਵਿੱਚ ਹਿੱਸਾ ਲੈ ਸਕਣਗੇ। ਹਾਲਾਂਕਿ, ਉਹ ਤਮਗਾ ਸੂਚੀ ਵਿੱਚ ਸ਼ਾਮਿਲ ਨਹੀਂ ਹੋਣਗੇ। ਇਸ ਦੇ ਨਾਲ ਹੀ, ਆਈਪੀਸੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਰੂਸ ਅਤੇ ਬੇਲਾਰੂਸ ਵਿੱਚ ਕੋਈ ਹੋਰ ਟੂਰਨਾਮੈਂਟ ਨਹੀਂ ਕਰਵਾਏਗੀ। ਇਸ ਵਿੱਚ ਵਿਸ਼ਵ ਅਤੇ ਯੂਰਪੀਅਨ ਚੈਂਪੀਅਨਸ਼ਿਪ ਵਰਗੇ ਟੂਰਨਾਮੈਂਟ ਸ਼ਾਮਿਲ ਹਨ। ਇਹ ਹੁਕਮ ਅਗਲੇ ਨੋਟਿਸ ਤੱਕ ਲਾਗੂ ਰਹੇਗਾ।