ਯੂਕਰੇਨ ਵਿੱਚ ਰੂਸੀ ਹਮਲਿਆਂ ਕਾਰਨ ਸਥਿਤੀ ਹੁਣ ਵਿਗੜਦੀ ਜਾ ਰਹੀ ਹੈ। ਅਜਿਹੇ ਹੀ ਇੱਕ ਹਵਾਈ ਹਮਲੇ ਵਿੱਚ ਖਾਰਕਿਵ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦਿੱਤੀ ਹੈ। ਮੰਗਲਵਾਰ ਨੂੰ ਰੂਸੀ ਹਮਲੇ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਦਾ ਨਾਮ ਨਵੀਨ ਹੈ। ਉਹ ਕਰਨਾਟਕ ਦਾ ਰਹਿਣ ਵਾਲਾ ਸੀ। ਮ੍ਰਿਤਕ ਭਾਰਤੀ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲੇ ਦੇ ਨਵੀਨ ਐੱਸ.ਜੀ ਦੇ ਰੂਪ ‘ਚ ਹੋਈ ਹੈ।
ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਇਹ ਡੂੰਘੇ ਦੁੱਖ ਦੇ ਨਾਲ ਹੈ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਵਿਦੇਸ਼ ਸਕੱਤਰ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨੂੰ ਭਾਰਤੀ ਨਾਗਰਿਕਾਂ ਜੋ ਅਜੇ ਵੀ ਖਾਰਕਿਵ ਅਤੇ ਹੋਰ ਵਿਵਾਦ ਵਾਲੇ ਖੇਤਰਾਂ ਦੇ ਸ਼ਹਿਰਾਂ ਵਿੱਚ ਮੌਜੂਦ ਹਨ, ਲਈ ਤੁਰੰਤ ਸੁਰੱਖਿਅਤ ਰਸਤੇ ਦੀ ਸਾਡੀ ਮੰਗ ਨੂੰ ਦੁਹਰਾਉਣ ਲਈ ਬੁਲਾ ਰਹੇ ਹਨ। ਰੂਸ ਅਤੇ ਯੂਕਰੇਨ ਵਿੱਚ ਸਾਡੇ ਰਾਜਦੂਤਾਂ ਵੱਲੋਂ ਵੀ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ, ਖਾਰਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਨੇ ਕਿਹਾ ਸੀ ਕਿ ਰੂਸ ਨੇ ਮੰਗਲਵਾਰ ਨੂੰ ਖਾਰਕਿਵ ਦੇ ਵਿਚਕਾਰ ਰਿਹਾਇਸ਼ੀ ਇਮਾਰਤਾਂ ਵਾਲੀ ਇਕ ਪ੍ਰਸ਼ਾਸਨਿਕ ਇਮਾਰਤ ‘ਤੇ ਗੋਲੀਬਾਰੀ ਕੀਤੀ। ਸਿਨੇਹੁਬੋਵ ਨੇ ਇਹ ਨਹੀਂ ਦੱਸਿਆ ਕਿ ਗੋਲੀਬਾਰੀ ‘ਚ ਕਿੰਨੇ ਲੋਕ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਖਾਰਕਿਵ ‘ਚ ਗੋਲੀਬਾਰੀ ‘ਚ ਘੱਟੋ-ਘੱਟ 11 ਲੋਕ ਮਾਰੇ ਗਏ ਨੇ ਅਤੇ ਕਈ ਹੋਰ ਜ਼ਖਮੀ ਹੋ ਗਏ। ਅੱਜ ਸਵੇਰ ਤੋਂ ਰੂਸ ਨੇ ਯੂਕਰੇਨ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ। ਰੂਸੀ ਫੌਜ ਦਾ ਇੱਕ ਵੱਡਾ ਕਾਫਲਾ ਤੇਜ਼ੀ ਨਾਲ ਕੀਵ ਵੱਲ ਵਧ ਰਿਹਾ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵਿਗੜਦੀ ਸਥਿਤੀ ਦੇ ਵਿਚਕਾਰ, ਭਾਰਤੀ ਦੂਤਘਰ ਨੇ ਅੱਜ ਇੱਕ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਕੀਵ ਛੱਡ ਦੇਣਾ ਚਾਹੀਦਾ ਹੈ। ਐਡਵਾਈਜ਼ਰੀ ਵਿੱਚ ਲਿਖਿਆ ਗਿਆ ਸੀ ਕਿ ਉਹ ਕੀਵ ਛੱਡਣ ਲਈ ਜੋ ਵੀ ਸਾਧਨ ਮਿਲ ਰਿਹਾ ਹੈ ਉਸ ਰਾਹੀਂ ਤੁਰੰਤ ਉਥੋਂ ਨਿਕਲਣ। ਦੱਸ ਦਈਏ ਕਿ ਯੂਕਰੇਨ ‘ਚ ਕਰੀਬ 20 ਹਜ਼ਾਰ ਭਾਰਤੀ ਮੌਜੂਦ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਡਾਕਟਰੀ ਦੀ ਪੜ੍ਹਾਈ ਕਰਨ ਲਈ ਉਥੇ ਗਏ ਸਨ। ਇਨ੍ਹਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਲੋਕ ਭਾਰਤ ਵਾਪਸ ਆ ਚੁੱਕੇ ਹਨ, ਬਾਕੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮੋਦੀ ਸਰਕਾਰ ਨੇ ਇਸ ਦੇ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ।