ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਹ ਅੱਜ ਤੈਅ ਹੋ ਸਕਦਾ ਹੈ। ਦਰਅਸਲ, ਅੱਜ ਬੇਲਾਰੂਸ ਵਿੱਚ ਰੂਸ-ਯੂਕਰੇਨ ਵਿਚਾਲੇ ਗੱਲਬਾਤ ਹੋਣੀ ਹੈ। ਭਾਰਤੀ ਸਮੇਂ ਮੁਤਾਬਿਕ ਇਹ ਮੀਟਿੰਗ ਦੁਪਹਿਰ 3.30 ਵਜੇ ਅਤੇ ਨਿਊਜ਼ੀਲੈਂਡ ਦੇ ਸਮੇਂ ਅਨੁਸਾਰ 11 ਵਜੇ ਹੋਵੇਗੀ। ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਫੋਟੋ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕਰੇਨ ਦੀ ਬੈਠਕ ਆਯੋਜਿਤ ਕਰਨ ਲਈ ਮੰਚ ਤਿਆਰ ਕਰ ਲਿਆ ਗਿਆ ਹੈ। ਹੁਣ ਸਿਰਫ਼ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਉਡੀਕ ਹੈ।
ਹਾਲਾਂਕਿ, ਯੂਕਰੇਨ ਲਈ ਬੇਲਾਰੂਸ ‘ਤੇ ਭਰੋਸਾ ਕਰਨਾ ਇੰਨਾ ਆਸਾਨ ਨਹੀਂ ਹੈ। ਇਸ ਜੰਗ ਵਿੱਚ ਹੁਣ ਤੱਕ ਬੇਲਾਰੂਸ ਰੂਸ ਦਾ ਸਾਥ ਦਿੰਦਾ ਰਿਹਾ ਹੈ। ਸਵੇਰੇ ਇਹ ਵੀ ਜਾਣਕਾਰੀ ਮਿਲੀ ਸੀ ਕਿ ਬੇਲਾਰੂਸ ਯੂਕਰੇਨ ‘ਤੇ ਹਮਲੇ ‘ਚ ਰੂਸ ਦਾ ਸਮਰਥਨ ਕਰ ਸਕਦਾ ਹੈ।ਅਮਰੀਕੀ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਗੱਲਬਾਤ ਲੀਹ ‘ਤੇ ਨਹੀਂ ਆਉਂਦੀ ਤਾਂ ਬੇਲਾਰੂਸ ਇਸ ਲੜਾਈ ‘ਚ ਕੁੱਦ ਸਕਦਾ ਹੈ। ਹੁਣ ਤੱਕ ਸਥਿਤੀ ਇਹ ਹੈ ਕਿ ਰੂਸ ਨਾਲ ਇਹ ਲੜਾਈ ਓਨੀ ਸੌਖੀ ਨਹੀਂ ਨਿਕਲੀ ਜਿੰਨੀ ਸਮਝੀ ਜਾਂਦੀ ਸੀ। ਰੂਸੀ ਸੈਨਿਕਾਂ ਨੂੰ ਯੂਕਰੇਨ ਤੋਂ ਸਖ਼ਤ ਮੁਕਾਬਲਾ ਮਿਲ ਰਿਹਾ ਹੈ। ਰੂਸ ਅਜੇ ਤੱਕ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕੰਟਰੋਲ ਨਹੀਂ ਕਰ ਸਕਿਆ ਹੈ।