ਰੂਸ ਤੇ ਨਿਊਜ਼ੀਲੈਂਡ ਵਿਚਕਾਰ ਲਗਾਤਾਰ ਤਲਖ਼ੀ ਵੱਧਦੀ ਜਾ ਰਹੀ ਹੈ। ਰੂਸ ਨੇ ਨਿਊਜ਼ੀਲੈਂਡ ‘ਤੇ ਇੱਕ ਹੋਰ ਵੱਡਾ ਐਕਸ਼ਨ ਲਿਆ ਹੈ। ਦਰਅਸਲ ਰੂਸ ਨੇ 36 ਹੋਰ ਕੀਵੀਆਂ ‘ਤੇ ਦੇਸ਼ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੰਨ੍ਹਾਂ ਵਿੱਚ ਮੇਅਰ, ਪੱਤਰਕਾਰ, ਜਨਤਕ ਸ਼ਖਸੀਅਤਾਂ ਅਤੇ ਰੱਖਿਆ ਬਲ ਦੇ ਨੇਤਾ ਸ਼ਾਮਿਲ ਹਨ – ਜਿਨ੍ਹਾਂ ‘ਤੇ “ਰੂਸ ਵਿਰੋਧੀ ਏਜੰਡੇ ਨੂੰ ਰੂਪ ਦੇਣ” ਦਾ ਦੋਸ਼ ਹੈ।
ਰੂਸੀ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਅਕਤੀਆਂ ਅਤੇ ਕਾਨੂੰਨੀ ਸੰਸਥਾਵਾਂ ਵਿਰੁੱਧ “ਰਾਜਨੀਤਿਕ ਤੌਰ ‘ਤੇ ਪ੍ਰੇਰਿਤ” ਨਿਊਜ਼ੀਲੈਂਡ ਸਰਕਾਰ ਦੀਆਂ ਪਾਬੰਦੀਆਂ ਦੇ ਜਵਾਬ ਵਿੱਚ ਸੂਚੀ ਵਿੱਚ ਸ਼ਾਮਿਲ ਲੋਕਾਂ ਲਈ ਦੇਸ਼ ਵਿੱਚ ਦਾਖਲਾ “ਸਦਾ ਲਈ ਬੰਦ” ਕਰ ਦਿੱਤਾ ਗਿਆ ਹੈ। ਪਾਬੰਦੀਸ਼ੁਦਾ ਨਿਊਜ਼ੀਲੈਂਡ ਵਾਸੀਆਂ ਦੀ ਅਪਡੇਟ ਕੀਤੀ ਸੂਚੀ ਵਿੱਚ ਹੈਮਿਲਟਨ ਦੀ ਮੇਅਰ ਪੌਲਾ ਸਾਊਥਗੇਟ, ਪਾਮਰਸਟਨ ਨਾਰਥ ਮੇਅਰ ਗ੍ਰਾਂਟ ਸਮਿਥ, ਨੇਪੀਅਰ ਦੇ ਮੇਅਰ ਕਰਸਟਨ ਵਾਈਜ਼, ਵੈਲਿੰਗਟਨ ਦੇ ਮੇਅਰ ਟੋਰੀ ਵਹਾਨਊ ਅਤੇ ਨੈਲਸਨ ਦੇ ਮੇਅਰ ਨਿਕ ਸਮਿਥ ਸ਼ਾਮਲ ਹਨ।
ਇਸ ਵਿੱਚ ਰੇਡੀਓ ਨਿਊਜ਼ੀਲੈਂਡ, ਸਟੱਫ ਅਤੇ NZ ਹੇਰਾਲਡ ਦੇ ਕਈ ਪੱਤਰਕਾਰ ਅਤੇ ਨਿਰਮਾਤਾ ਵੀ ਸ਼ਾਮਿਲ ਹਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਧਿਆਨ ਵਿੱਚ ਰੱਖਦੇ ਹੋਏ ਕਿ ਵੈਲਿੰਗਟਨ ਆਪਣੀ ਰੂਸ ਵਿਰੋਧੀ ਨੀਤੀ ਨੂੰ ਤਿਆਗਣ ਦਾ ਇਰਾਦਾ ਨਹੀਂ ਰੱਖਦਾ ਹੈ ਅਤੇ ਨਵੀਆਂ ਪਾਬੰਦੀਆਂ ਨੂੰ ਮਨਜ਼ੂਰੀ ਦੇਣਾ ਜਾਰੀ ਰੱਖ ਰਿਹਾ ਹੈ, ਰੂਸੀ ਸਟਾਪ ਸੂਚੀ ਨੂੰ ਅਪਡੇਟ ਕਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ।” ਅਪ੍ਰੈਲ 2022 ਵਿੱਚ, ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਗਵਰਨਰ-ਜਨਰਲ ਸਿੰਡੀ ਕਿਰੋ ਅਤੇ ਸੰਸਦ ਦੇ ਸਾਰੇ ਮੈਂਬਰਾਂ ਸਮੇਤ 130 ਲੋਕਾਂ ਨੂੰ ਰੂਸ ਵਿੱਚ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਸੀ।
ਜੁਲਾਈ 2022 ਵਿੱਚ, 32 ਹੋਰ ਨਿਊਜ਼ੀਲੈਂਡਰਜ਼ ਨੂੰ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜਿਸ ਵਿੱਚ ਉਸ ਸਮੇਂ ਦੇ ਆਕਲੈਂਡ ਦੇ ਮੇਅਰ ਫਿਲ ਗੌਫ, ਤਤਕਾਲੀਨ ਵੈਲਿੰਗਟਨ ਦੇ ਮੇਅਰ ਐਂਡੀ ਫੋਸਟਰ, ਤਤਕਾਲੀਨੈਲਸਨ ਮੇਅਰ ਰੇਚਲ ਰੀਸ, ਉਸ ਸਮੇਂ ਦੇ ਕ੍ਰਾਈਸਟਚਰਚ ਦੇ ਮੇਅਰ ਲਿਏਨ ਡਾਲਜ਼ੀਲ ਅਤੇ ਤਤਕਾਲੀ ਡੁਨੇਡਿਨ ਦੇ ਮੇਅਰ ਆਰੋਨ ਹਾਕਿੰਸ ਸ਼ਾਮਲ ਸਨ। ਜਨਵਰੀ 2023 ਵਿੱਚ, ਸਾਬਕਾ ਪ੍ਰਧਾਨ ਮੰਤਰੀ ਆਰਡਰਨ ਦੇ ਪਤੀ, TVNZ ਦੇ ਤਤਕਾਲੀ ਮੁੱਖ ਕਾਰਜਕਾਰੀ ਸਾਈਮਨ ਪਾਵਰ ਅਤੇ ਕਲਾਰਕ ਗੇਫੋਰਡ ਸਮੇਤ ਹੋਰ 31 ਕੀਵੀਆਂ ਨੂੰ ਰੂਸ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਗਈ ਸੀ।