ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਰੌਸ ਟੇਲਰ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰੌਸ ਟੇਲਰ ਦਾ ਕਹਿਣਾ ਹੈ ਕਿ 2011 ਵਿੱਚ ਆਈਪੀਐਲ ਮੈਚ ਦੌਰਾਨ ਰਾਜਸਥਾਨ ਰਾਇਲਜ਼ ਦੇ ਮਾਲਕ ਨੇ ਟੇਲਰ ਨੂੰ ਤਿੰਨ-ਚਾਰ ਥੱਪੜ ਮਾਰੇ ਸਨ। ਰੌਸ ਟੇਲਰ ਨੇ ਆਪਣੀ ਹਾਲ ਹੀ ਵਿੱਚ ਲਿਖੀ ਕਿਤਾਬ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਰੌਸ ਟੇਲਰ ਨੂੰ ਆਈਪੀਐਲ ਖੇਡਦੇ ਹੋਏ ਅਜਿਹਾ ਕੁਝ ਹੋਣ ਦੀ ਉਮੀਦ ਨਹੀਂ ਸੀ। ਰੌਸ ਟੇਲਰ ਨੇ ਕਿਹਾ, ”2011 ‘ਚ ਮੋਹਾਲੀ ‘ਚ ਖੇਡੇ ਗਏ ਮੈਚ ਦੌਰਾਨ ਮੈਂ ਜ਼ੀਰੋ ‘ਤੇ ਆਊਟ ਹੋ ਗਿਆ ਸੀ। ਰਾਜਸਥਾਨ ਰਾਇਲਜ਼ ਦੇ ਮਾਲਕ ਨੇ ਇਸ ਬਾਰੇ ਮੈਨੂੰ ਤਿੰਨ-ਚਾਰ ਵਾਰ ਥੱਪੜ ਮਾਰਿਆ।”
ਰੌਸ ਟੇਲਰ ਨੇ ਅੱਗੇ ਕਿਹਾ, “ਭਾਵੇਂ ਉਨ੍ਹਾਂ ਨੇ ਇਹ ਮਜ਼ਾਕ ਵਿੱਚ ਕੀਤਾ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਜ਼ੀਰੋ ਲਈ ਆਊਟ ਹੋਣ ਲਈ ਇੰਨੇ ਪੈਸੇ ਨਹੀਂ ਦਿੰਦੇ। ਅਜਿਹਾ ਕਰਨ ਤੋਂ ਬਾਅਦ ਉਹ ਹੱਸਣ ਲੱਗ ਪਏ। ਥੱਪੜ ਜ਼ੋਰ ਨਾਲ ਨਹੀਂ ਮਾਰਿਆ ਸੀ। ਪਰ ਤੁਸੀਂ IPL ਵਰਗੇ ਪੇਸ਼ੇਵਰ ਪਲੇਟਫਾਰਮ ‘ਤੇ ਇਸ ਦੀ ਉਮੀਦ ਨਹੀਂ ਕਰਦੇ ਹੋ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਕ੍ਰਿਕਟ ‘ਚ ਨਸਲਵਾਦ ਨੂੰ ਲੈ ਕੇ ਵੀ ਰੌਸ ਟੇਲਰ ਚੁੱਪੀ ਤੋੜ ਚੁੱਕੇ ਹਨ। ਰੌਸ ਟੇਲਰ ਨੇ ਆਪਣੀ ਕਿਤਾਬ ‘ਚ ਕਿਹਾ ਕਿ ਨਿਊਜ਼ੀਲੈਂਡ ਲਈ ਖੇਡਦੇ ਹੋਏ ਉਨ੍ਹਾਂ ਨੂੰ ਕਈ ਵਾਰ ਡਰੈਸਿੰਗ ਰੂਮ ‘ਚ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਰੌਸ ਟੇਲਰ ਨੇ ਹਾਲਾਂਕਿ ਇਹ ਵੀ ਮੰਨਿਆ ਕਿ ਉਹ ਸ਼ੁਰੂ ‘ਚ ਅਜਿਹੀਆਂ ਟਿੱਪਣੀਆਂ ਨੂੰ ਲੈ ਕੇ ਗੰਭੀਰ ਨਹੀਂ ਸਨ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਾਫੀ ਬਾਅਦ ‘ਚ ਹੋਇਆ।
ਰਾਸ ਟੇਲਰ ਨੇ ਇਸ ਸਾਲ ਦੀ ਸ਼ੁਰੂਆਤ ‘ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਨਿਊਜ਼ੀਲੈਂਡ ਲਈ ਰੌਸ ਟੇਲਰ ਦਾ ਕਰੀਅਰ 15 ਸਾਲ ਤੋਂ ਵੱਧ ਚੱਲਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਅਗਵਾਈ ਕਰਨ ਦਾ ਮੌਕਾ ਵੀ ਮਿਲਿਆ। ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 18 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।