ਨਿਊਜ਼ੀਲੈਂਡ ਦੇ ਸਟਾਰ ਖਿਡਾਰੀ ਰੌਸ ਟੇਲਰ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੋਮ ਸਮਰ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਨਿਊਜ਼ੀਲੈਂਡ ਲਈ ਉਨ੍ਹਾਂ ਦਾ ਆਖਰੀ ਮੈਚ ਨੀਦਰਲੈਂਡ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਖਿਲਾਫ 2 ਟੈਸਟ ਅਤੇ ਆਸਟ੍ਰੇਲੀਆ ਖਿਲਾਫ 3 ਵਨਡੇ ਮੈਚ ਖੇਡੇ ਜਾਣਗੇ। ਉਹ 4 ਅਪ੍ਰੈਲ ਨੂੰ ਹੈਮਿਲਟਨ ‘ਚ ਆਪਣੇ ਕਰੀਅਰ ਦਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਣਗੇ।
Today I'm announcing my retirement from international cricket at the conclusion of the home summer, two more tests against Bangladesh, and six odi’s against Australia & the Netherlands. Thank you for 17 years of incredible support. It’s been an honour to represent my country #234 pic.twitter.com/OTy1rsxkYp
— Ross Taylor (@RossLTaylor) December 29, 2021
ਨਿਊਜ਼ੀਲੈਂਡ ਦੇ ਦਿੱਗਜ ਖਿਡਾਰੀ ਰੌਸ ਟੇਲਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। 37 ਸਾਲਾ ਟੇਲਰ ਨੇ ਵੀਰਵਾਰ 30 ਦਸੰਬਰ ਨੂੰ ਤੜਕੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰੌਸ ਟੇਲਰ ਨੇ ਕਿਹਾ ਕਿ ਉਹ ਆਪਣੇ ਘਰ ‘ਚ ਹੀ ਹੋਣ ਵਾਲੀਆਂ ਅਗਲੀਆਂ ਦੋ ਸੀਰੀਜ਼ ਖੇਡਣਾ ਚਾਹੁੰਦਾ ਹੈ।
ਰੌਸ ਟੇਲਰ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਕਿ ਅੱਜ ਮੈਂ ਹੋਮ ਸਮਰ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਬੰਗਲਾਦੇਸ਼ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਅਤੇ ਨੀਦਰਲੈਂਡ ਦੇ ਖਿਲਾਫ 6 ਵਨਡੇ ਮੈਚਾਂ ਦੀ ਸੀਰੀਜ਼ ਆਖਰੀ ਹੋਵੇਗੀ। 17 ਸਾਲਾਂ ਤੱਕ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਦੇਸ਼ ਲਈ ਖੇਡਣਾ ਮਾਣ ਵਾਲੀ ਗੱਲ ਹੈ #234। ਉਨ੍ਹਾਂ ਨੇ ਵੀਰਵਾਰ ਨੂੰ ਇੱਕ ਬਿਆਨ ‘ਚ ਕਿਹਾ, ‘ਇਹ ਸ਼ਾਨਦਾਰ ਸਫਰ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇੰਨੇ ਲੰਬੇ ਸਮੇਂ ਤੱਕ ਦੇਸ਼ ਦੀ ਨੁਮਾਇੰਦਗੀ ਕਰ ਸਕਿਆ ਹਾਂ। ਬਹੁਤ ਸਾਰੀਆਂ ਯਾਦਾਂ ਅਤੇ ਦੋਸਤੀ ਦੇ ਤੋਹਫ਼ੇ ਮਿਲੇ ਹਨ। ਪਰ ਸਾਰੀਆਂ ਚੰਗੀਆਂ ਚੀਜ਼ਾਂ ਕਿਸੇ ਸਮੇਂ ਖਤਮ ਹੁੰਦੀਆਂ ਹਨ ਅਤੇ ਇਹ ਮੇਰੇ ਲਈ ਸਹੀ ਸਮਾਂ ਹੈ।”
ਟੇਲਰ ਨੇ ਨਿਊਜ਼ੀਲੈਂਡ ਲਈ ਟੈਸਟ ਅਤੇ ਵਨਡੇ ਮਿਲਾ ਕੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਟੇਲਰ ਨੇ 2008 ਵਿੱਚ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਟੈਸਟ ਖੇਡਿਆ ਸੀ ਅਤੇ 2006 ਵਿੱਚ ਵੈਸਟਇੰਡੀਜ਼ ਵਿਰੁੱਧ 233 ਵਨਡੇ ਮੈਚਾਂ ਵਿੱਚੋਂ ਪਹਿਲਾ ਮੈਚ ਖੇਡਿਆ ਸੀ। ਟੇਲਰ ਨੇ 102 ਟੀ-20 ਮੈਚ ਵੀ ਖੇਡੇ ਹਨ ਅਤੇ ਨਿਊਜ਼ੀਲੈਂਡ ਲਈ ਤਿੰਨੋਂ ਫਾਰਮੈਟਾਂ ਵਿੱਚ ਸੌ ਤੋਂ ਵੱਧ ਮੈਚ ਖੇਡਣ ਵਾਲੇ ਪਹਿਲੇ ਕ੍ਰਿਕਟਰ ਵੀ ਹਨ।
ਇਸ ਕੀਵੀ ਖਿਡਾਰੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੁੱਲ 445 ਮੈਚ ਖੇਡੇ, ਜਿਸ ਵਿੱਚ ਟੇਲਰ ਨੇ ਕੁੱਲ 40 ਸੈਂਕੜੇ ਲਗਾਏ ਹਨ। ਇਸ ਵਿੱਚ ਰੌਸ ਟੇਲਰ ਨੇ 110 ਟੈਸਟ ਮੈਚਾਂ ਵਿੱਚ 7584 ਅਤੇ 233 ਵਨਡੇ ਵਿੱਚ 8581 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ 102 ਟੀ-20 ਮੈਚਾਂ ‘ਚ ਕੁੱਲ 1909 ਦੌੜਾਂ ਦਰਜ ਹਨ। ਰੌਸ ਟੇਲਰ ਨੇ ਟੈਸਟ ਵਿੱਚ 19 ਅਤੇ ਵਨਡੇ ਵਿੱਚ 21 ਸੈਂਕੜੇ ਲਗਾਏ ਹਨ। ਹਾਲਾਂਕਿ ਟੇਲਰ ਅਜੇ ਦੋ ਟੈਸਟ ਅਤੇ 6 ਵਨਡੇ ਹੋਰ ਖੇਡਣਗੇ।