ਹਰਿਆਣਾ ਦੇ ਸਿਰਸਾ ਵਿੱਚ ਘੱਗਰ ਨਦੀ ਦਾ ਪਾਣੀ ਤਬਾਹੀ ਮਚਾ ਰਿਹਾ ਹੈ। ਕਈ ਥਾਵਾਂ ਤੋਂ ਬੰਨ੍ਹ ਟੁੱਟ ਗਏ ਹਨ ਅਤੇ ਮੁੱਖ ਬੰਨ੍ਹ ਕਮਜ਼ੋਰ ਹੋ ਗਏ ਹਨ। ਪਰ ਸਿਰਸਾ ਦੇ ਪਿੰਡ ਵਾਸੀ ਇਸ ਦੁੱਖ ਦੀ ਘੜੀ ਵਿੱਚ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ। ਕਿਤੇ ਕਿਸਾਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਪਨੀਰੀ ਬੀਜ ਰਹੇ ਹਨ। ਇਸ ਦੌਰਾਨ 2 ਕਿਸਾਨਾਂ ਨੇ ਬੰਨ੍ਹ ਦੀ ਮੁਰੰਮਤ ਲਈ ਆਪਣੇ ਖੇਤਾਂ ਵਿੱਚੋਂ ਮਿੱਟੀ ਚੁਕਵਾ ਦਿੱਤੀ। ਇੰਨਾਂ ਕਿਸਾਨਾਂ ਨੇ ਦੋ ਰਾਜਾਂ ਦੇ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ ਹੈ।
ਦੋ ਕਿਸਾਨਾਂ ਕਾਲਾ ਸਿੰਘ ਅਤੇ ਨਿਰੰਜਨ ਨੇ ਆਪਣੇ ਖੇਤਾਂ ਨੂੰ ਤਬਾਹ ਕਰਕੇ ਘੱਗਰ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਹੈ। ਪਿੰਡ ਮੱਤੜ ਨੇੜੇ ਘੱਗਰ ’ਤੇ ਬਣਿਆ ਬੰਨ੍ਹ ਵੀਰਵਾਰ ਨੂੰ ਕਮਜ਼ੋਰ ਹੋ ਗਿਆ ਸੀ। ਬੰਨ੍ਹ ਦਾ ਟ੍ਰੈਕ 20 ਫੁੱਟ ਸੀ, ਜੋ ਸਿਰਫ਼ ਪੰਜ ਫੁੱਟ ਹੀ ਰਹਿ ਗਿਆ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਦੀ ਲੋੜ ਸੀ ਪਰ ਇਸ ਲਈ ਦੂਰੋਂ ਮਿੱਟੀ ਲਿਆਉਣੀ ਆਸਾਨ ਨਹੀਂ ਸੀ। ਫਿਰ ਬੰਨ੍ਹ ਦੇ ਕਿਨਾਰੇ ਦੋ ਕਿਸਾਨਾਂ ਨੇ 10 ਏਕੜ ਝੋਨੇ ਦੀ ਫ਼ਸਲ ਨਸ਼ਟ ਕਰ ਦਿੱਤੀ ਅਤੇ ਖੇਤਾਂ ਵਿੱਚੋਂ ਮਿੱਟੀ ਚੁਕਵਾ ਦਿੱਤੀ। ਪਿੰਡ ਵਾਸੀਆਂ ਨੇ ਕਿਸਾਨ ਕਾਲਾ ਸਿੰਘ ਅਤੇ ਨਿਰੰਜਨ ਸਿੰਘ ਦੇ ਪੰਜ-ਪੰਜ ਏਕੜ ਖੇਤਾਂ ਵਿੱਚੋਂ ਮਿੱਟੀ ਚੁੱਕ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ। ਦੋਹਾਂ ਖੇਤਾਂ ਤੋਂ ਮਿੱਟੀ 10-10 ਫੁੱਟ ਤੱਕ ਚੁੱਕੀ ਗਈ। ਰੋਡੀ ਦੇ ਸਰਪੰਚ ਸਿਕੰਦਰ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਹਜ਼ਾਰਾਂ ਕਿਸਾਨ ਪਰਿਵਾਰ ਇਨ੍ਹਾਂ ਕਿਸਾਨਾਂ ਦੇ ਸਦਾ ਰਿਣੀ ਰਹਿਣਗੇ।