ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਅੰਤਰਰਾਸ਼ਟਰੀ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਬੋਪੰਨਾ ਨੇ 22 ਸਾਲਾਂ ਤੱਕ ਅੰਤਰਰਾਸ਼ਟਰੀ ਟੈਨਿਸ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਪਰ ਹੁਣ ਉਨ੍ਹਾਂ ਨੇ ਆਪਣੇ ਇਤਿਹਾਸਕ ਕਰੀਅਰ ਦਾ ਅੰਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ 2024 ‘ਚ ਉਨ੍ਹਾਂ ਦਾ ਸਫਰ ਕੁਝ ਖਾਸ ਨਹੀਂ ਰਿਹਾ। ਉਹ ਆਪਣਾ ਪਹਿਲਾ ਮੈਚ ਹਾਰ ਕੇ ਬਾਹਰ ਹੋ ਗਏ ਸੀ। ਬੋਪੰਨਾ ਅਤੇ ਐਨ ਸ਼੍ਰੀਰਾਮ ਬਾਲਾਜੀ ਪੁਰਸ਼ ਡਬਲਜ਼ ਮੁਕਾਬਲੇ ‘ਚ ਹਾਰ ਗਏ ਸਨ। ਬੋਪੰਨਾ ਨੂੰ ਆਪਣੇ ਪਹਿਲੇ ਹੀ ਮੈਚ ਵਿੱਚ 7-5, 6-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਬੋਪੰਨਾ ਨੇ 2026 ਦੀਆਂ ਏਸ਼ੀਆਈ ਖੇਡਾਂ ਤੋਂ ਆਪਣੇ ਆਪ ਨੂੰ ਬਾਹਰ ਕੱਢਦੇ ਹੋਏ ਕਿਹਾ, ‘ਇਹ ਯਕੀਨੀ ਤੌਰ ‘ਤੇ ਦੇਸ਼ ਲਈ ਮੇਰਾ ਆਖਰੀ ਟੂਰਨਾਮੈਂਟ ਸੀ। ਮੈਂ ਉਸ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ ਜਿਸ ਵਿੱਚ ਮੈਂ ਹਾਂ। ਹੁਣ ਮੈਂ ਜਦੋਂ ਵੀ ਖੇਡ ਸਕਾਂਗਾ, ਟੈਨਿਸ ਦਾ ਆਨੰਦ ਲਵਾਂਗਾ। ਮੈਂ ਜਿੱਥੇ ਹਾਂ, ਮੇਰੇ ਲਈ ਇਹ ਵੱਡੀ ਪ੍ਰਾਪਤੀ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ 20 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਭਾਰਤ ਦੀ ਉੱਚ ਪੱਧਰ ‘ਤੇ ਪ੍ਰਤੀਨਿਧਤਾ ਕਰਾਂਗਾ। ਮੇਰੀ ਸ਼ੁਰੂਆਤ 2002 ਵਿੱਚ ਹੋਈ ਸੀ ਅਤੇ ਅੱਜ 22 ਸਾਲ ਬਾਅਦ ਵੀ ਮੈਂ ਓਲੰਪਿਕ ਵਿੱਚ ਆਪਣੇ ਦੇਸ਼ ਦਾ ਪ੍ਰਤੀਨਿਧ ਹਾਂ। ਮੈਨੂੰ ਇਸ ਇਤਿਹਾਸਕ ਕਰੀਅਰ ‘ਤੇ ਬਹੁਤ ਮਾਣ ਹੈ।”