ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਤਾਜ਼ਾ ਮਾਮਲਾ ਹੁਣ ਆਕਲੈਂਡ ਦੇ ਉਪਨਗਰ ਸੈਂਡਰਿੰਘਮ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਰਤੀ ਰੈਸਟੋਰੈਂਟ ‘ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਦੌਰਾਨ ਇੱਕ ਕਰਮਚਾਰੀ ਜ਼ਖਮੀ ਹੋ ਗਿਆ ਅਤੇ ਹੋਰਾਂ ਨੂੰ ਵੀ ਲੁਟੇਰਿਆਂ ਨੇ ਧਮਕੀਆਂ ਦਿੱਤੀਆਂ। ਮਾਊਂਟ ਅਲਬਰਟ ਅਤੇ ਸੈਂਡਰਿੰਗਮ ਰੋਡ ਦੇ ਚੌਰਾਹੇ ‘ਤੇ ਮਿਠਾਈਵਾਲਾ ਇੰਡੀਅਨ ਵੈਜੀਟੇਰੀਅਨ ਰੈਸਟੋਰੈਂਟ ‘ਤੇ ਹੋਈ ਡਕੈਤੀ ਲਈ ਪੁਲਿਸ ਨੂੰ ਰਾਤ 11.25 ਵਜੇ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋ ਵਿਅਕਤੀ ਇਮਾਰਤ ਵਿੱਚ ਦਾਖਲ ਹੋਏ, ਇੱਕ ਹਥਿਆਰ ਦਿਖਾਇਆ ਅਤੇ ਅੰਦਰ ਦੋ ਕਰਮਚਾਰੀਆਂ ਨੂੰ ਧਮਕਾਇਆ। “ਉਹ ਇੱਕ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਕਾਫੀ ਨਕਦੀ ਚੁੱਕ ਕੇ ਲੈ ਗਏ ਸਨ।”
