ਬੀਤੀ 23 ਜੂਨ, 2024 ਨੂੰ ਪਾਪਾਟੋਏਟੋਏ ਦੇ ਮਸ਼ਹੂਰ ਪੂਜਾ ਜਿਊਲਰਜ਼ ਸਟੋਰ ‘ਤੇ ਲੁਟੇਰਿਆਂ ਨੇ ਧਾਵਾ ਬੋਲਿਆ ਸੀ ਤੇ ਭਿਆਨਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਇਸ ਦੌਰਾਨ ਸਟੋਰ ਮਾਲਕ ਗੁਰਦੀਪ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਸੀ। ਪਰ ਹੁਣ ਇਸ ਮਾਮਲੇ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਮਲੇ ‘ਚ ਸ਼ਾਮਿਲ ਇੱਕ 15 ਸਾਲਾ ਬੱਚੇ ਨੂੰ ਜ਼ਮਾਨਤ ਦਿੱਤੀ ਗਈ ਹੈ, ਇੰਨਾਂ ਹੀ ਨਹੀਂ ਨੌਜਵਾਨ ਨੂੰ ਆਪਣੇ ਪਿਤਾ ਦੇ ਘਰ ਰਹਿਣ ਦੀ ਇਜਾਜਤ ਵੀ ਮਿਲ ਗਈ ਹੈ। ਜੇਕਰ ਉਸ ਨੌਜਵਾਨ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਸ ‘ਤੇ ਕਈ ਤਰ੍ਹਾਂ ਦੇ ਚਾਰਜ ਲੱਗੇ ਹੋਏ ਹਨ। ਇਸ ਮਾਮਲੇ ਦੀ ਸਾਹਮਣੇ ਆਉਣ ਮਗਰੋਂ ਸਟੋਰ ਮਾਲਕ ਗੁਰਦੀਪ ਸਿੰਘ ਨੇ ਵੀ ਨਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਜਾਨ ਨੂੰ ਖਤਰੇ ਪਾ ਕੇ ਭਿਆਨਕ ਹਿਸੰਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਜ਼ਮਾਨਤ ਦਿੱਤਾ ਜਾਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਭਿਆਨਕ ਵਾਰਦਾਤ ਕਰਨ ਵਾਲੇ ਨੂੰ ਨਾਬਾਲਿਗ ਹੋਣ ਕਾਰਨ ਸ਼ਰੇਆਮ ਸਮਾਜ ‘ਚ ਰਹਿਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਕਿਉਂਕ ਇਸ ਨੌਜਵਾਨ ਨੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਅਜਿਹੀਆਂ ਵਾਰਦਾਤਾਂ ਕੀਤੀਆਂ ਹਨ ਤਾਂ ਉਸਦੇ ਸੁਧਰਨ ਦੀ ਕੋਈ ਸੰਭਾਵਨਾ ਨਹੀਂ ਹੈ।