ਆਕਲੈਂਡ ‘ਚ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਵਾਰ ਚੋਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਸ ਵਾਰ ਇੱਕ ਪੰਜਾਬੀ ਪਰਿਵਾਰ ਚੋਰਾਂ ਦੇ ਨਿਸ਼ਾਨੇ ‘ਤੇ ਆਇਆ ਹੈ, ਜਿਸ ਨੂੰ ਲੁਟੇਰਿਆਂ ਨੇ ਵੀਕਐਂਡ ਦੌਰਾਨ ਤਿੰਨ ਵਾਰ ਨਿਸ਼ਾਨਾ ਬਣਾਇਆ ਹੈ। ਜੌਨੀ ਸਿੰਘ ਉਸਦੀ ਪਤਨੀ ਅਤੇ ਉਨ੍ਹਾਂ ਦਾ ਨਵਜੰਮਿਆ ਬੱਚਾ ਪਿਛਲੇ ਕੁਝ ਹਫ਼ਤਿਆਂ ਤੋਂ ਆਪਣੇ ਓਨਹੂੰਗਾ ਘਰ ਤੋਂ ਦੂਰ ਰਹਿ ਰਹੇ ਸਨ ਕਿਉਂਕ ਘਰ ‘ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਪਰ ਜਦੋਂ ਕੁੱਝ ਸਮੇਂ ਬਾਅਦ ਉਹ ਆਪਣੇ ਘਰ ਪਹੁੰਚੇ ਤਾਂ ਘਰ ਦੇ ਹਾਲਾਤ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕ ਘਰ ਵਿੱਚੋਂ ਬਿਲਡਿੰਗ ਟੂਲਜ਼, ਬੈਟਰੀਆਂ, ਹੀਟ ਪੰਪ, ਟੀਵੀ, ਬਰੈਂਡ ਨਿਊ ਵੈਕਿਊਮ ਕਲੀਨਰ, ਸਾਅ ਚੋਰ ਚੁੱਕਕੇ ਲੈ ਗਏ ਸਨ। ਪਰਿਵਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕੁੱਲ $80,000 ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਚੋਰੀਆਂ ਦੇ ਮਾਮਲੇ ‘ਚ ਪੁਲਿਸ ਦੇ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ‘ਤੇ ਵੀ ਪਰਿਵਾਰ ਨੇ ਨਰਾਜ਼ਗੀ ਜਤਾਈ ਹੈ।
