ਭਾਰੀ ਮੀਂਹ ਨੇ ਅੱਜ ਸਵੇਰੇ ਵੈਲਿੰਗਟਨ ਖੇਤਰ ਨੂੰ ਕਾਫੀ ਜਿਆਦਾ ਪ੍ਰਭਾਵਿਤ ਕੀਤਾ ਹੈ, ਰਾਜਧਾਨੀ ਵੈਲਿੰਗਟਨ ‘ਚ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਗੈਰ ਜ਼ਰੂਰੀ ਆਵਾਜਾਈ ਤੋਂ ਪਰਹੇਜ ਕਰਨ ਦੀ ਅਪੀਲ ਕੀਤੀ ਹੈ। ਕਿਉਂਕ ਕੀ ਮੁੱਖ ਮਾਰਗ ਅਤੇ ਕਈ ਲਿੰਕ ਰੋਡ ਫਿਲਹਾਲ ਬੰਦ ਹਨ। ਗ੍ਰੇਮਾਊਥ ‘ਚ ਵੀ ਮੀਂਹ ਕਾਰਨ ਲੋਕ ਕਾਫ਼ੀ ਪ੍ਰਭਾਵਿਤ ਹੋਏ ਹਨ, ਜਦਕਿ ਨੈਲਸਨ ਅਤੇ ਬਲੇਨਹਾਈਮ ਵਿਚਕਾਰ ਮੁੱਖ ਸੜਕ ਵੀ ਬੰਦ ਕਰ ਦਿੱਤੀ ਗਈ ਹੈ। ਮੀਂਹ ਕਾਰਨ ਬਹੁਤ ਸਾਰੀਆਂ ਸੜਕਾਂ ਪ੍ਰਭਾਵਿਤ ਹੋਈਆਂ ਹਨ ਇਸੇ ਕਾਰਨ ਪ੍ਰਸ਼ਾਸਨ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਅਪੀਲ ਕਰ ਰਿਹਾ ਹੈ।
ਇਸ ਦੌਰਾਨ ਗ੍ਰੇਮਾਊਥ ਵਿੱਚ, ਇੱਕ “ਸਰਗਰਮ” Landslide ਨੇ ਅਰਨੋਟ ਹਾਈਟਸ ਵਿੱਚ 50 ਤੋਂ ਵੱਧ ਘਰਾਂ ਤੱਕ ਪਹੁੰਚ ਨੂੰ ਰੋਕ ਦਿੱਤਾ ਹੈ ਅਤੇ ਅੱਜ ਦੁਪਹਿਰ ਤੱਕ ਮਲਬਾ ਲਗਾਤਾਰ ਅੱਗੇ ਵਧ ਰਿਹਾ ਸੀ। ਮੇਅਰ ਤਾਨੀਆ ਗਿਬਸਨ ਦਾ ਕਹਿਣਾ ਹੈ ਕਿ, “ਇੱਥੇ ਅਜੇ ਵੀ ਬਾਰਿਸ਼ ਹੋ ਰਹੀ ਹੈ, ਅਤੇ ਇਹ ਸੰਭਾਵਨਾ ਨਹੀਂ ਜਾਪਦੀ ਹੈ ਕਿ ਅੱਜ ਅਰਨੋਟ ਹਾਈਟਸ ਦੇ ਖੇਤਰ ਲਈ ਸੜਕ ਨੂੰ ਖੋਲ੍ਹਣਾ ਸੁਰੱਖਿਅਤ ਹੋਵੇਗਾ।” ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਘਰ ਖਤਰੇ ਵਿੱਚ ਨਹੀਂ ਹੈ, ਪਰ ਇੰਜੀਨੀਅਰਾਂ ਦੁਆਰਾ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਹੈਲੀਕਾਪਟਰ ਵੀ ਸਟੈਂਡਬਾਏ ‘ਤੇ ਹਨ ਜੇਕਰ ਲੋਕਾਂ ਨੂੰ ਬਾਹਰ ਕੱਢਣ, ਜਾਂ ਐਮਰਜੈਂਸੀ ਸਪਲਾਈ ਪ੍ਰਦਾਨ ਕਰਨ ਦੀ ਕੋਈ ਲੋੜ ਪੈਂਦੀ ਹੈ। ਫੇਸਬੁੱਕ ‘ਤੇ, ਗ੍ਰੇ ਡਿਸਟ੍ਰਿਕਟ ਕਾਉਂਸਿਲ ਨੇ ਕਿਹਾ ਕਿ ਨਿੱਜੀ ਸੱਟ ਦੀ ਕੋਈ ਰਿਪੋਰਟ ਨਹੀਂ ਹੈ।