ਇੱਕ ਮਾਂ ਦਾ ਲਾਪਰਵਾਹੀ ਵਾਲਾ ਵਤੀਰਾ ਸਾਹਮਣੇ ਆਇਆ ਹੈ। ਦਰਅਸਲ ਸੜਕ ਕਰਮਚਾਰੀਆਂ ਨੇ ਸਟੇਟ ਹਾਈਵੇਅ 29 ‘ਤੇ ਕਥਿਤ ਤੌਰ ‘ਤੇ ਸ਼ਰਾਬ ਪੀ ਕੇ ਬੱਚੇ ਸਮੇਤ ਕਾਰ ਚਲਾਉਂਦੀ ਇੱਕ ਮਹਿਲਾ ਨੂੰ ਰੋਕਿਆ ਹੈ। ਪੁਲਿਸ ਨੇ ਵੀ ਕਥਿਤ ਸ਼ਰਾਬੀ ਮਹਿਲਾ ਡਰਾਈਵਰ ਨੂੰ ਬੱਚੇ ਸਮੇਤ ਰੋਕਣ ਵਾਲੇ ਸੜਕ ਕਰਮਚਾਰੀਆਂ ਦੀ ਉਨ੍ਹਾਂ ਦੇ ਕੰਮਾਂ ਲਈ ਪ੍ਰਸ਼ੰਸਾ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਇੱਕ ਸੜਕ ਕਰਮਚਾਰੀ ਦਲ ਦੇ ਮੈਂਬਰਾਂ ਨੇ ਸਟੇਟ ਹਾਈਵੇਅ 29 ‘ਤੇ ਸੜਕ ਦੇ ਕੰਮਾਂ ਦੇ ਇੱਕ ਸੈੱਟ ਵਿੱਚੋਂ ਇੱਕ ਔਰਤ ਨੂੰ ਗਲਤ ਤਰੀਕੇ ਨਾਲ ਕਾਰ ਚਲਾਉਂਦੇ ਹੋਏ ਦੇਖਿਆ ਸੀ। ਉਨ੍ਹਾਂ ਨੇ ਡਰਾਈਵਰ ਨੂੰ ਅੱਗੇ ਵਧਣ ਤੋਂ ਰੋਕਿਆ ਅਤੇ ਪੁਲਿਸ ਨੂੰ ਬੁਲਾਇਆ।
ਵੈਸਟਰਨ ਬੇਅ ਆਫ਼ ਪਲੈਂਟੀ ਲਈ ਏਰੀਆ ਰੋਡ ਪੁਲਿਸਿੰਗ ਮੈਨੇਜਰ, ਸੀਨੀਅਰ ਸਾਰਜੈਂਟ ਵੇਨ ਹੰਟਰ ਨੇ ਕਿਹਾ ਕਿ 37 ਸਾਲਾ ਮਹਿਲਾ ਡਰਾਈਵਰ ਨੇ ਕਥਿਤ ਤੌਰ ‘ਤੇ ਕਾਨੂੰਨੀ ਸ਼ਰਾਬ ਦੀ ਸੀਮਾ ਤੋਂ ਤਿੰਨ ਗੁਣਾ ਵੱਧ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਔਰਤ ਕਾਰ ਨੂੰ ਸਹੀ ਢੰਗ ਨਾਲ ਚਲਾਉਣ ਦੇ ਯੋਗ ਨਹੀਂ ਸੀ, ਕਾਰ ਵਿੱਚ ਮੌਜੂਦ ਬੱਚੇ ਦੀ ਦੇਖਭਾਲ ਤਾਂ ਦੂਰ ਦੀ ਗੱਲ ਹੈ। ਪੁਲਿਸ ਨੇ ਬੱਚੇ ਦੀ ਦੇਖਭਾਲ ਲਈ ਓਰੰਗਾ ਤਾਮਾਰਿਕੀ ਨੂੰ ਰੈਫਰ ਕੀਤਾ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਚਾਰਜ ਕੀਤਾ ਹੈ ਅਤੇ ਬਾਅਦ ਦੀ ਤਾਰੀਖ ‘ਤੇ ਟੌਰੰਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।