ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸ਼ੁੱਕਰਵਾਰ ਨੂੰ ਕਾਰ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਘਟਨਾ ਤੋਂ ਬਾਅਦ ਪੰਤ ਦੀ ਮਰਸਡੀਜ਼ ਕਾਰ ‘ਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਸ਼ੁੱਕਰਵਾਰ (30 ਦਸੰਬਰ) ਤੜਕੇ ਰੁੜਕੀ ਦੇ ਗੁਰੂਕੁਲ ਨਰਸਨ ਇਲਾਕੇ ‘ਚ ਵਾਪਰੀ ਹੈ। ਸਥਾਨਕ ਲੋਕਾਂ ਨੇ ਤੁਰੰਤ 108 ‘ਤੇ ਫੋਨ ਕੀਤਾ ਅਤੇ ਪੰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਹੁਣ ਰਿਸ਼ਭ ਪੰਤ ਨੂੰ ਇੱਥੋਂ ਦੇਹਰਾਦੂਨ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪੰਤ ਦਿੱਲੀ ਤੋਂ ਰੁੜਕੀ ਜਾ ਰਹੇ ਸਨ। ਇਸ ਹਾਦਸੇ ਤੋਂ ਬਾਅਦ ਰਿਸ਼ਭ ਪੰਤ ਦਾ ਵੱਡਾ ਬਿਆਨ ਆਇਆ ਹੈ। ਪੰਤ ਨੇ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਉਹ ਕਿਵੇਂ ਬਚਿਆ। ਜੇਕਰ ਪੰਤ ਕਾਰ ਤੋਂ ਬਾਹਰ ਨਾ ਨਿਕਲਦੇ ਅਤੇ ਥੋੜ੍ਹੀ ਦੇਰ ਹੋ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਕਿਉਂਕਿ ਘਟਨਾ ਤੋਂ ਬਾਅਦ ਕਾਰ ‘ਚ ਭਿਆਨਕ ਅੱਗ ਲੱਗ ਗਈ ਸੀ। ਰਿਸ਼ਭ ਪੰਤ ਨੇ ਦੱਸਿਆ ਕਿ ਉਹ ਖੁਦ ਕਾਰ ਚਲਾ ਰਿਹਾ ਸੀ। ਗੱਡੀ ਚਲਾਉਂਦੇ ਸਮੇਂ ਉਸ ਨੂੰ ਨੀਂਦ ਆ ਗਈ ਸੀ। ਇਹੀ ਕਾਰਨ ਸੀ ਕਿ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਵੱਡਾ ਹਾਦਸਾ ਵਾਪਰ ਗਿਆ। ਪੰਤ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਵਿੰਡ ਸਕਰੀਨ ਤੋੜ ਕੇ ਬਾਹਰ ਨਿਕਲਿਆ ਸੀ। ਡਾਕਟਰਾਂ ਮੁਤਾਬਿਕ ਰਿਸ਼ਭ ਪੰਤ ਦੇ ਸਰੀਰ ‘ਤੇ ਕੋਈ ਗੰਭੀਰ ਸੱਟ ਨਹੀਂ ਹੈ। ਬਾਕੀ ਸੱਟਾਂ ਦਾ ਸਹੀ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।