ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਉਸ ਤੋਂ ਪਹਿਲਾ ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਿੱਧੀ ਬਗਾਵਤ ਹੋ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਧੜੇ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਮੀਟਿੰਗ ਕਰਕੇ ਸ਼ਰੇਆਮ ਐਲਾਨ ਕੀਤਾ ਹੈ ਕਿ ਹੁਣ ਕੈਪਟਨ ਮਨਜ਼ੂਰ ਨਹੀਂ। ਬਾਗੀ ਵਿਧਾਇਕਾਂ ਤੇ ਮੰਤਰੀਆਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਕੀਤੀ ਹੈ। ਪੰਜਾਬ ਕਾਂਗਰਸ ਵਿੱਚ ਬਣੇ ਮੌਜੂਦਾ ਹਾਲਾਤਾਂ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਹਨ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਹੋਈ ਇਸ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਵੀ ਉੱਠੀ ਹੈ। ਮੀਟਿੰਗ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਕੈਪਟਨ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਜਾਵੇਗੀ, ਕਿਉਂਕਿ ਉਨ੍ਹਾਂ ਦੀ ਅਗਵਾਈ ਵਿੱਚ ਕੰਮ ਨਹੀਂ ਹੋ ਰਹੇ। ਜਾਣਕਾਰੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਦੇ ਕੰਮ ਕਾਜ ਦੇ ਵਿਰੋਧ ਵਿੱਚ ਹੀ ਇਹ ਬੈਠਕ ਹੋਈ ਹੈ।
ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਇਸ ਮਸਲੇ ਨੂੰ ਹਾਈਕਮਾਨ ਕੋਲ ਲਿਜਾਇਆ ਜਾਵੇਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਹਾਈ ਕਮਾਂਡ ਨੂੰ ਮਿਲਣ ਲਈ ਮੰਗਲਵਾਰ ਨੂੰ ਹੀ ਰਵਾਨਾ ਹੋ ਗਏ ਸਨ। ਮੀਟਿੰਗ ਵਿੱਚ ਕੈਪਟਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕੀਤੇ ਗਏ ਹਨ। ਮੀਟਿੰਗ ਮਗਰੋਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਬਰਗਾੜੀ ਕਾਂਡ, ਨਸ਼ਿਆਂ ਦਾ ਮੁੱਦਾ ਤੇ ਬਿਜਲੀ ਸਮਝੌਤੇ ਦਾ ਮਸਲਾ ਅਜੇ ਵੀ ਉੱਥੇ ਹੀ ਖੜ੍ਹਾ ਹੈ। ਇਸ ਉੱਪਰ ਮੁੱਖ ਮੰਤਰੀ ਨੇ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੱਸ ਮਾਫੀਆ, ਰੇਤ ਮਾਫੀਆ ਤੇ ਦਲਿਤਾਂ ਦੇ ਮੁੱਦੇ ਪਹਿਲਾਂ ਦੀ ਤਰ੍ਹਾਂ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਇੰਟੈਲੀਜੈਂਸ ਖਾਲ੍ਹੀ ਘਰ ਦੇ ਡੰਡੇ ਮਾਰਦੀ ਹੈ। ਇਹ ਨਹੀਂ ਹੋ ਸਕਦਾ ਇੰਟੈਲੀਜੈਂਸ ਨੂੰ ਪਤਾ ਨਾ ਹੋਵੇ ਸੁਮੇਧ ਸੈਣੀ ਘਰ ਨਹੀਂ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਨਹੀਂ ਹੈ ਤੇ ਨਾ ਹੀ ਕੁਰਸੀ ਜਾਣ ਦਾ ਡਰ। ਦੱਸ ਦੇਈਏ ਮੀਟਿੰਗ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਰਗਟ ਸਿੰਘ, ਕੁਲਦੀਪ ਸਿੰਘ ਵੈਦ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਰਾਜਾ ਵੜਿੰਗ, ਅਵਤਾਰ ਹੈਨਰੀ (ਜੂਨੀਅਰ), ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿੰਘ ਲੱਖਾ, ਦਵਿੰਦਰ ਘੁਬਾਇਆ, ਪ੍ਰੀਤਮ ਸਿੰਘ ਕੋਟਭਾਈ, ਕੁਲਬੀਰ ਸਿੰਘ ਜੀਰਾ, ਦਰਸ਼ਨ ਬਰਾੜ, ਦਲਵੀਰ ਸਿੰਘ ਗੋਲਡੀ, ਪ੍ਰਗਟ ਸਿੰਘ, ਕਾਕਾ ਰਣਦੀਪ ਸਿੰਘ, ਅੰਗਦ ਸਿੰਘ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਵਰਗੇ ਵੱਡੇ ਆਗੂ ਸ਼ਾਮਿਲ ਹੋਏ ਸਨ। ਉਧਰ ਖ਼ਬਰ ਤਾਂ ਇਹ ਵੀ ਹੈ ਕਿ ਪੰਜ ਤੋਂ ਸੱਤ ਮੰਤਰੀ ਅਸਤੀਫ਼ਾ ਵੀ ਦੇ ਸਕਦੇ ਹਨ। ਇਹ ਮੰਤਰੀ ਮੰਗਲਵਾਰ ਨੂੰ ਸੋਨੀਆ ਗਾਂਧੀ ਨੂੰ ਮਿਲਣ ਲਈ ਰਵਾਨਾ ਹੋਏ ਹਨ। ਇਨ੍ਹਾਂ ਮੰਤਰੀਆਂ ‘ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਜਿੰਦਰ ਬਾਜਵਾ, ਚਰਨਜੀਤ ਚੰਨੀ ਤੇ ਜਨਰਲ ਸਕੱਤਰ ਪ੍ਰਗਟ ਸਿੰਘ ਦਾ ਨਾਂ ਸਾਹਮਣੇ ਆਇਆ ਹੈ ਜਿਨ੍ਹਾਂ ਦੇ ਦਿੱਲੀ ਦੌਰੇ ਦੀ ਚਰਚਾ ਹੋ ਰਹੀ ਹੈ।