ਕਿਸਾਨਾਂ ਨੇ ਇੱਕ ਵਾਰ ਫਿਰ ਸਰਕਾਰ ਖਿਲਾਫ ਸੜਕਾਂ ‘ਤੇ ਉਤਰਨ ਦਾ ਫੈਸਲਾ ਕੀਤਾ ਹੈ। 31 ਜਨਵਰੀ ਨੂੰ ਕਿਸਾਨ ‘ਵਾਅਦਾ ਖਿਲਾਫੀ ਦਿਵਸ’ ਵਜੋਂ ਮਨਾਉਣਗੇ। ਇਹ ਫੈਸਲਾ ਸ਼ਨੀਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਕਿਹਾ ਗਿਆ ਕਿ ਮੁਕੱਦਮੇਬਾਜ਼ੀ ਅਤੇ ਮੁਆਵਜ਼ੇ ਨੂੰ ਲੈ ਕੇ ਹਰਿਆਣਾ ਨੂੰ ਛੱਡ ਕੇ ਕਿਸੇ ਵੀ ਸੂਬੇ ਵਿੱਚ ਕੋਈ ਕਾਰਵਾਈ ਨਹੀਂ ਹੋਈ, ਇਸ ਲਈ ਅਸੀਂ 31 ਜਨਵਰੀ ਨੂੰ ‘ਵਾਅਦਾ ਖਿਲਾਫੀ ਦਿਵਸ’ ਵਜੋਂ ਮਨਾਵਾਂਗੇ।
ਮੋਰਚੇ ਦੀ ਤਰਫੋਂ ਦੱਸਿਆ ਗਿਆ ਕਿ ਕਿਸਾਨ ਸਰਕਾਰ ਦਾ ਪੁਤਲਾ ਫੂਕਣਗੇ। ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਐਮਐਸਪੀ ਕਮੇਟੀ ਨਾਲ ਸੰਪਰਕ ਨਹੀਂ ਕੀਤਾ। ਇਸ ਤੋਂ ਇਲਾਵਾ ਮਿਸ਼ਨ ਯੂਪੀ (ਭਾਜਪਾ ਵਿਰੁੱਧ ਮੁਹਿੰਮ) 1 ਫਰਵਰੀ ਤੋਂ ਸ਼ੁਰੂ ਹੋਵੇਗਾ। ਕਿਸਾਨ ਆਗੂ ਰਾਕੇਸ਼ ਟਿਕੈਤ 1 ਫਰਵਰੀ ਨੂੰ ਲਖੀਮਪੁਰ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਐਸਆਈਟੀ ਦੀ ਰਿਪੋਰਟ ਦੇ ਬਾਵਜੂਦ ਕੇਂਦਰ ਸਰਕਾਰ ਗ੍ਰਹਿ ਰਾਜ ਮੰਤਰੀ ਟੇਨੀ ਨੂੰ ਬਚਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਉਲਟ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕਿਸਾਨਾਂ ਨੂੰ ਧਾਰਾ 302 ਤਹਿਤ ਜੇਲ੍ਹ ਭੇਜਿਆ ਜਾ ਰਿਹਾ ਹੈ।
ਦੱਸ ਦਈਏ ਕਿ ਤਿੰਨ ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਕਰੀਬ 385 ਦਿਨ ਚੱਲਿਆ ਅਤੇ ਪਿਛਲੇ ਸਾਲ 11 ਦਸੰਬਰ ਨੂੰ ਕਿਸਾਨ ਆਗੂਆਂ ਦੇ ਹੁਕਮਾਂ ਤੋਂ ਬਾਅਦ ਸਾਰੇ ਕਿਸਾਨ ਸਰਹੱਦਾਂ ਛੱਡ ਕੇ ਦਿੱਲੀ ਤੋਂ ਵਾਪਿਸ ਆਪਣੇ ਘਰਾਂ ਨੂੰ ਪਰਤ ਗਏ ਸਨ। ਸੰਯੁਕਤ ਕਿਸਾਨ ਮੋਰਚਾ ਦੀ 9 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਕਿਸਾਨ ਇੱਕ ਵਾਰ ਫਿਰ 15 ਜਨਵਰੀ ਨੂੰ ਸਰਕਾਰ ਨਾਲ ਹੋਈ ਗੱਲਬਾਤ ਬਾਰੇ ਸਮੀਖਿਆ ਮੀਟਿੰਗ ਕਰਨਗੇ।