ਪੰਜਾਬ ਲਈ ਆਸਟ੍ਰੇਲੀਆ ਤੋਂ ਬੁਰੀ ਖਬਰ ਆਈ ਹੈ। ਸਿਡਨੀ ਹਾਈਵੇਅ ‘ਤੇ ਟਰੱਕ ਪਲਟਣ ਕਾਰਨ ਕਪੂਰਥਲਾ ਦੇ ਸੇਵਾਮੁਕਤ ਏਐਸਆਈ ਦੇ ਪੁੱਤਰ ਦੀ ਮੌਤ ਹੋ ਗਈ। ਜਦਕਿ ਦੂਜਾ ਟਰੱਕ ਡਰਾਈਵਰ ਨੌਜਵਾਨ ਜ਼ਖ਼ਮੀ ਹੋ ਗਿਆ। ਸਿਡਨੀ ਪੁਲਿਸ ਨੇ ਸੱਤ ਘੰਟੇ ਬਾਅਦ ਉਸ ਨੂੰ ਮਲਬੇ ਤੋਂ ਬਾਹਰ ਕੱਢਿਆ ਅਤੇ ਕੈਨਬਰਾ ਹਸਪਤਾਲ ਵਿੱਚ ਦਾਖਲ ਕਰਵਾਇਆ। ਮ੍ਰਿਤਕ ਦੀ ਪਛਾਣ 29 ਸਾਲਾ ਸਤਬੀਰ ਸਿੰਘ ਥਿੰਦ ਪੁੱਤਰ ਸੇਵਾਮੁਕਤ ਏਐਸਆਈ ਤਰਸੇਮ ਸਿੰਘ ਵਾਸੀ ਪਿੰਡ ਠੱਠਾ ਨਵਾਂ ਹਾਲ ਕਪੂਰਥਲਾ ਵਜੋਂ ਹੋਈ ਹੈ। ਸਤਬੀਰ ਸਿੰਘ ਥਿੰਦ ਆਸਟ੍ਰੇਲੀਆ ਵਿਚ ਟਰੱਕ ਚਲਾਉਂਦਾ ਸੀ।
ਆਸਟ੍ਰੇਲੀਆ ਰਹਿੰਦੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਪਰਮਿੰਦਰ ਸਿੰਘ ਅਨੁਸਾਰ ਬਿਲਡਿੰਗ ਮਟੀਰੀਅਲ ਨਾਲ ਲੱਦਿਆ ਇਕ ਟਰੱਕ ਸਿਡਨੀ ਹਾਈਵੇਅ ‘ਤੇ ਜਾ ਰਿਹਾ ਸੀ। 12-13 ਫਰਵਰੀ ਦੀ ਦਰਮਿਆਨੀ ਰਾਤ ਨੂੰ ਟਰੱਕ ਅਚਾਨਕ ਸੜਕ ‘ਤੇ ਪਲਟ ਗਿਆ। ਇਸ ਦੌਰਾਨ ਦੂਜੇ ਪਾਸਿਓਂ ਆ ਰਹੇ ਇਕ ਹੋਰ ਟਰੱਕ ਦੀ ਉਸ ਨਾਲ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਿਡਨੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਰਾਹਤ ਕਾਰਜ ਦੌਰਾਨ ਸਿਡਨੀ ਪੁਲਿਸ ਨੇ ਪੰਜਾਬੀ ਨੌਜਵਾਨ ਸਤਬੀਰ ਸਿੰਘ ਥਿੰਦ ਨੂੰ ਬੜੀ ਮੁਸ਼ਕਿਲ ਨਾਲ ਮਲਬੇ ਵਿੱਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।