ਵੀਰਵਾਰ ਦਾ ਦਿਨ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਵਾਲਾ ਦਿਨ ਸਾਬਿਤ ਹੋਇਆ ਹੈ। ਦਰਅਸਲ ਵੀਰਵਾਰ ਸਵੇਰ ਤੋਂ ਹੀ ਪੰਜਾਬ ਕਾਂਗਰਸ ਵਿੱਚ ਹਲਚਲ ਸ਼ੁਰੂ ਹੋ ਗਈ ਸੀ ਜੋ ਅਜੇ ਵੀ ਜਾਰੀ ਹੈ। ਪਹਿਲਾ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਸਿੱਧੂ ਵੱਲੋ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ ਸੀ। ਇਸ ਵਿਚਕਾਰ ਮੀਡੀਆ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀਆਂ ਖਬਰਾਂ ਵੀ ਆਈਆਂ ਸਨ। ਪਰ ਇੰਨਾਂ ਖਬਰਾਂ ਨੂੰ ਨਿਰਆਧਾਰ ਦੱਸਦਿਆਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਾਫ ਕੀਤਾ ਕਿ ਕੈਪਟਨ ਨੇ ਨਾ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਕੀਤੀ ਹੈ।
Media reports of CM @capt_amarinder resigning are humbug. He has neither quit nor offered to do so. He’ll lead @INCPunjab to victory in 2022 Assembly polls as he did in 2017. Urge media to stop speculating & spreading misinformation. pic.twitter.com/MAl24yeQqk
— Raveen Thukral (@RT_MediaAdvPBCM) July 15, 2021
ਦੱਸਣਯੋਗ ਹੈ ਕਿ ਕੁੱਝ ਮੀਡੀਆ ਚੈਨਲਾਂ ਵਿੱਚ ਹਰੀਸ਼ ਰਾਵਤ ਦੇ ਇੱਕ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਕੁੱਝ ਚੈਨਲਾਂ ‘ਤੇ ਇਹ ਵੀ ਖਬਰ ਚਲਾਈ ਗਈ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਅਤੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਕਰਕੇ ਕੈਪਟਨ ਅਸਤੀਫਾ ਦੇ ਸਕਦੇ ਹਨ। ਪਰ ਇਨ੍ਹਾਂ ਸਾਰੀਆਂ ਖਬਰਾਂ ਨੂੰ ਨਕਾਰਦੇ ਹੋਏ ਰਵੀਨ ਠੁਕਰਾਲ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀਆਂ ਖ਼ਬਰਾਂ ਬਿਲਕੁਲ ਨਿਰਆਧਾਰ ਹਨ। ਉਨ੍ਹਾਂ ਨੇ ਨਾ ਤਾਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਹ ਪੰਜਾਬ ਕਾਂਗਰਸ ਦੀ 2017 ਵਾਂਗ 2022 ਵਿੱਚ ਵੀ ਅਗਵਾਈ ਕਰਨਗੇ। ਠੁਕਰਾਲ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਅਟਕਲਾਂ ਨਾ ਲਾਵੇ ਅਤੇ ਗ਼ਲਤ ਜਾਣਕਾਰੀ ਨਾ ਫੈਲਾਵੇ।