ਮੁੱਖ ਮੰਤਰੀ ਦੇ ਹੁਕਮਾਂ ‘ਤੇ ਪੰਜਾਬ ਪੁਲਿਸ ਨੇ ਗੰਨ ਕਲਚਰ ਵਿਰੁੱਧ ਆਪਣੀ ਮੁਹਿੰਮ ‘ਚ ਬਦਲਾਅ ਕੀਤਾ ਹੈ। ਪੰਜਾਬ ਸਰਕਾਰ ਨੇ ਹੁਣ ਲੋਕਾਂ ਨੂੰ ਵੱਖ-ਵੱਖ ਸੋਸ਼ਲ ਪਲੇਟਫਾਰਮਾਂ ‘ਤੇ ਅਪਲੋਡ ਕੀਤੀਆਂ ਗੰਨ ਕਲਚਰ ਨਾਲ ਸਬੰਧਿਤ ਪੋਸਟਾਂ ਨੂੰ ਹਟਾਉਣ (ਡਿਲੀਟ ਕਰਨ) ਲਈ 3 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਡੀਜੀਪੀ ਨੇ ਦੱਸਿਆ ਕਿ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 3 ਦਿਨ ਦਾ ਸਮਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ‘ਚ ਸਾਰਿਆਂ ਨੂੰ ਇਸ ਦੌਰਾਨ ਗੰਨ ਕਲਚਰ ਨਾਲ ਜੁੜੀ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣਾ ਚਾਹੀਦਾ ਹੈ।
ਹੁਣ ਅਗਲੇ 3 ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਗੰਨ ਕਲਚਰ ਨਾਲ ਸਬੰਧਿਤ ਪੋਸਟਾਂ ‘ਤੇ ਕੇਸ ਦਰਜ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਗੰਨ ਕਲਚਰ ਨੂੰ ਰੋਕਣ ਲਈ ਪੁਲੀਸ ਲਗਾਤਾਰ ਕੇਸ ਦਰਜ ਕਰਕੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਸੀ। ਇਸ ਦੌਰਾਨ ਇੱਕ 11 ਸਾਲਾ ਬੱਚੇ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਪਰ ਆਲੋਚਨਾ ਹੋਣ ‘ਤੇ ਪੰਜਾਬ ਸਰਕਾਰ ਨੇ ਪੁਲਿਸ ਕਾਰਵਾਈ ਨੂੰ ਬਦਲਣ ਦੀਆਂ ਹਦਾਇਤਾਂ ਦਿੱਤੀਆਂ ਸਨ।