ਲਾਲ ਕਿਲੇ ਮਾਮਲੇ ‘ਤੇ AAP ਦੇ ਮੰਤਰੀ ਨੇ ਚੁੱਪੀ ਤੋੜੀ ਹੈ। ਵੀਡੀਓ ‘ਚ ਨਜ਼ਰ ਆਏ ਮੰਤਰੀ ਲਾਲਜੀਤ ਭੁੱਲਰ ਨੇ ਇਸ ਮਾਮਲੇ ਤੇ ਬਿਆਨ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ। ਕਿਸਾਨ ਅੰਦੋਲਨ ਦੌਰਾਨ ਪੰਜਾਬ ਦਾ ਹਰ ਕਿਸਾਨ ਅਤੇ ਉਸਦਾ ਪੁੱਤ ਦਿੱਲੀ ਗਏ ਸੀ। ਮੈਂ ਕੁਝ ਗਲਤ ਨਹੀਂ ਕੀਤਾ।
ਦਰਅਸਲ ਲਾਲਜੀਤ ਭੁੱਲਰ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਜਿਸ ਵਿੱਚ ਉਹ ਲਾਲ ਕਿਲੇ ਝੰਡਾ ਲਹਿਰਾਉਣ ਸਮੇਂ ਦੀਪ ਸਿੱਧੂ ਨਾਲ ਨਜ਼ਰ ਆਏ ਸਨ। ਇਹ ਵੀਡੀਓ ਦੀਪ ਸਿੱਧੂ ਨੇ ਹੀ ਬਣਾਈ ਸੀ। ਜਿਸ ਤੋਂ ਬਾਅਦ ਵਿਰੋਧੀਆਂ ਨੇ ਸਵਾਲ ਪੁੱਛਿਆ ਸੀ ਕਿ ਜੇਕਰ ਤੁਸੀਂ ਦੀਪ ਸਿੱਧੂ ਨੂੰ ਦੇਸ਼ ਵਿਰੋਧੀ ਕਹਿੰਦੇ ਹੋ ਤਾਂ ਤੁਸੀਂ ਆਪਣੇ ਮੰਤਰੀ ਨੂੰ ਕੀ ਕਹੋਗੇ। ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲਾ ਮਾਮਲਾ ਸਾਹਮਣੇ ਆਇਆ ਸੀ। ਕੇਂਦਰ ਦੇ ਖੇਤੀ ਸੁਧਾਰ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਮਾਰਚ ਕੱਢਿਆ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਲਾਲ ਕਿਲੇ ਵੱਲ ਚਲੇ ਗਏ। ਜਿੱਥੇ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਦੀਪ ਸਿੱਧੂ ਨੂੰ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਵੀ ਕੀਤਾ ਸੀ।