ਕੈਰੇਬੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿੱਚ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਹੈ। ਫੁੱਟਬਾਲ ਦੀ ਤਰ੍ਹਾਂ ਹੁਣ ਇਸ ਲੀਗ ‘ਚ ਵੀ ਰੈੱਡ ਕਾਰਡ ਦਿਖਾਇਆ ਜਾ ਰਿਹਾ ਹੈ ਅਤੇ ਸੁਨੀਲ ਨਰਾਇਣ ਇਸ ਦਾ ਪਹਿਲਾ ਸ਼ਿਕਾਰ ਬਣੇ ਹਨ। ਤ੍ਰਿਨੀਬਾਗੋ ਨਾਈਟ ਰਾਈਡਰਜ਼ ਅਤੇ ਸੇਂਟ ਕਿਟਸ ਨੇਵਿਸ ਵਿਚਾਲੇ ਖੇਡੇ ਗਏ ਮੈਚ ਵਿੱਚ ਨਾਈਟ ਰਾਈਡਰਜ਼ ਦੇ ਨਰੇਨ ਨੂੰ ਲਾਲ ਕਾਰਡ ਕਾਰਨ ਬਾਹਰ ਹੋਣਾ ਪਿਆ ਅਤੇ ਇਸ ਕਾਰਨ ਟੀਮ ਨੂੰ ਆਖਰੀ ਓਵਰਾਂ ਵਿੱਚ ਸਿਰਫ਼ 10 ਖਿਡਾਰੀਆਂ ਨਾਲ ਖੇਡਣਾ ਪਿਆ। ਇਸ ‘ਤੇ ਨਾਈਟ ਰਾਈਡਰਜ਼ ਦੇ ਕਪਤਾਨ ਕੀਰੋਨ ਪੋਲਾਰਡ ਕਾਫੀ ਗੁੱਸੇ ‘ਚ ਆ ਗਏ। ਹਾਲਾਂਕਿ ਉਨ੍ਹਾਂ ਦੀ ਟੀਮ ਇਹ ਮੈਚ ਜਿੱਤਣ ‘ਚ ਸਫਲ ਰਹੀ। ਨਾਈਟ ਰਾਈਡਰਜ਼ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ ਸੀ।
ਇਹ ਗੱਲ ਸੇਂਟ ਕਿਟਸ ਦੀ ਪਾਰੀ ਦੌਰਾਨ ਹੋਈ ਸੀ। ਪੋਲਾਰਡ ਦੀ ਕਪਤਾਨੀ ਵਾਲੀ ਨਾਈਟ ਰਾਈਡਰਜ਼ ਦੀ ਟੀਮ ਸਮੇਂ ‘ਤੇ 19 ਓਵਰ ਪੂਰੇ ਨਹੀਂ ਕਰ ਸਕੀ ਅਤੇ ਇਸੇ ਕਾਰਨ ਉਸ ਨੂੰ ਨਿਯਮਾਂ ਮੁਤਾਬਕ ਲਾਲ ਕਾਰਡ ਦਿਖਾਇਆ ਗਿਆ, ਜਿਸ ਦਾ ਮਤਲਬ ਸੀ ਕਿ ਟੀਮ ਨੂੰ ਆਪਣੇ ਇਕ ਖਿਡਾਰੀ ਨੂੰ ਬਾਹਰ ਭੇਜਣਾ ਪਿਆ ਅਤੇ ਪੋਲਾਰਡ ਨੇ ਇਸ ਲਈ ਸੁਨੀਲ ਨਾਰਾਇਣ ਦੀ ਚੋਣ ਕੀਤੀ।ਇਸ ਤੋਂ ਇਲਾਵਾ ਟੀਮ ਨੂੰ 30 ਗਜ਼ ਦੇ ਘੇਰੇ ਤੋਂ ਬਾਹਰ ਸਿਰਫ਼ ਦੋ ਖਿਡਾਰੀਆਂ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਪੋਲਾਰਡ ਇਸ ਮਾਮਲੇ ਨੂੰ ਲੈ ਕੇ ਨਾਰਾਜ਼ ਨਜ਼ਰ ਆਏ।