ਨਿਊਜ਼ੀਲੈਂਡ ‘ਚ ਵੱਧਦੀ ਮਹਿੰਗਾਈ ਤੇ ਨੌਕਰੀਆਂ ਦੀ ਘਾਟ ਕਾਰਨ ਲੋਕਾਂ ਦਾ ਗੁਜ਼ਾਰਾ ਕਾਫੀ ਔਖਾ ਹੁੰਦਾ ਜਾ ਰਿਹਾ ਹੈ। ਇੰਨਾਂ ਹੀ ਨਹੀਂ ਹੁਣ ਚੰਗੀਆਂ ਨੌਕਰੀਆਂ ਕਰ ਚੁੱਕੇ ਦੇਸ਼ ਵਾਸੀ ਵੀ ਮਜ਼ਬੂਰੀ ਵੱਸ ਨਿਊਜ਼ੀਲੈਂਡ ਛੱਡ ਦੂਜੇ ਮੁਲਕਾਂ ਨੂੰ ਜਾ ਰਹੇ ਹਨ। ਹੁਣ ਨਿਊਜ਼ੀਲੈਂਡ ‘ਚ ਆਉਣ ਵਾਲਿਆਂ ਤੇ ਦੇਸ਼ ਛੱਡਣ ਵਾਲਿਆਂ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਇੰਨਾਂ ਅੰਕੜਿਆਂ ‘ਚ ਜਿੱਥੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ‘ਚ ਇਸ ਵਾਰ ਕਮੀ ਦੇਖਣ ਨੂੰ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਰਿਕਾਰਡ ਨੰਬਰ ਵਿੱਚ ਕੀਵੀ ਦੇਸ਼ ਛੱਡਕੇ ਗਏ ਹਨ।
ਇੱਕ ਰਿਪੋਰਟ ਅਨੁਸਾਰ ਇਸ ਸਾਲ ਤੋਂ ਅਗਸਤ ਤੱਕ ਦੇ ਤਾਜਾ ਜਾਰੀ ਅੰਕੜੇ ਨਿਊਜ਼ੀਲੈਂਡ ਵਾਸੀਆਂ ਦੀ ਰਵਾਨਗੀ ‘ਚ ਵੱਡਾ ਵਾਧਾ ਦਰਸਾਉਂਦੇ ਹਨ। ਅਗਸਤ 2024 ਸਾਲ ਵਿੱਚ 53,800 ਦਾ ਨੈੱਟ ਮਾਈਗ੍ਰੇਸ਼ਨ ਜੁਲਾਈ ਦੇ 67,200 ਦੇ ਮੁਕਾਬਲੇ ਘੱਟ ਗਿਆ ਹੈ। ਅਗਸਤ ਵਿੱਚ 109,900 ਗੈਰ-ਨਿਊਜ਼ੀਲੈਂਡ ਵਾਸੀਆਂ ਦੀ ਨੈੱਟ ਮਾਈਗ੍ਰੇਸ਼ਨ ਵਧੀ ਪਰ ਇਸੇ ਦੌਰਾਨ 56,100 ਨਿਊਜ਼ੀਲੈਂਡ ਦੇ ਨਾਗਰਿਕਾਂ ਦੀ ਮਾਈਗ੍ਰੇਸ਼ਨ ‘ਚ ਕਮੀ ਵੀ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਇਸ ਸਾਲ ਜੁਲਾਈ ‘ਚ ਨਿਊਜੀਲੈਂਡ ਵਾਸੀਆਂ ਦੀ (55,800) ਰਵਾਨਗੀ ਪਿਛਲੇ ਸਾਲਾਨਾ ਰਿਕਾਰਡ ਤੋਂ ਵੱਧ ਹੈ। ਆਂਕੜੇ ਦਰਸਾਉਂਦੇ ਹਨ ਕਿ 81,200 ਨਿਊਜੀਲੈਂਡ ਵਾਸੀ ਅਗਸਤ ਤੱਕ ਨਿਊਜੀਲੈਂਡ ਛੱਡ ਗਏ ਹਨ ਜਦੋਂ ਕਿ ਵਾਪਿਸ ਆਉਣ ਵਾਲਿਆਂ ਦੀ ਗਿਣਤੀ ਸਿਰਫ 25,100 ਹੀ ਰਹੀ।