ਇੰਡੋਨੇਸ਼ੀਆ ਦੇ ਪੂਰਬੀ ਖੇਤਰ ਪਾਪੂਆ ‘ਚ ਇੱਕ ਬਾਗੀ ਸਮੂਹ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਇੱਕ ਸਾਲ ਤੋਂ ਬੰਧਕ ਬਣਾਏ ਹੋਏ ਨਿਊਜ਼ੀਲੈਂਡ ਦੇ ਪਾਇਲਟ ਨੂੰ ਰਿਹਾਅ ਜਲਦ ਕਰੇਗਾ। ਹਾਲਾਂਕਿ ਪਾਇਲਟ ਫਿਲਿਪ ਮੇਹਰਟੇਨਜ਼ ਨੂੰ ਕਦੋਂ ਛੱਡਿਆ ਜਾਵੇਗਾ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸ ਦੇਈਏ ਪਾਇਲਟ ਨੂੰ ਅਗਵਾ ਕੀਤਿਆਂ ਇੱਕ ਸਾਲ ਦਾ ਸਮਾਂ ਹੋ ਗਿਆ ਹੈ। ਇੱਕ ਸਾਲ ਪਹਿਲਾ ਪਾਇਲਟ ਨੇ ਪਹਾੜੀ ਖੇਤਰ ਵਿੱਚ ਇੱਕ ਛੋਟਾ ਵਪਾਰਕ ਜਹਾਜ਼ ਉਤਾਰਿਆ ਸੀ ਜਿਸ ਮਗਰੋਂ ਬਾਗੀ ਸਮੂਹ ਨੇ ਫਿਲਿਪ ਨੂੰ ਅਗਵਾ ਕਰ ਲਿਆ ਸੀ।
ਪੱਛਮੀ ਪਾਪੂਆ ਨੈਸ਼ਨਲ ਲਿਬਰੇਸ਼ਨ ਆਰਮੀ (ਟੀਪੀਐਨਪੀਬੀ) ਦੇ ਟੇਰਿਅਨਸ ਸੱਤੋ, ਇੰਡੋਨੇਸ਼ੀਆ ਤੋਂ ਪਾਪੂਆ ਦੀ ਆਜ਼ਾਦੀ ਲਈ ਲੜ ਰਹੇ ਕਈ ਸਮੂਹਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਹਰਟੇਨਜ਼ ਨੂੰ “ਮਨੁੱਖਤਾ ਅਤੇ… ਮਨੁੱਖੀ ਅਧਿਕਾਰਾਂ ਦੀ ਰੱਖਿਆ” ਲਈ ਰਿਹਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ, “TPNPB ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਅਧਿਕਾਰ ਖੇਤਰ ਰਾਹੀਂ ਪਾਇਲਟ ਫਿਲਿਪ ਮੈਕਸ ਮਾਰਥਰਨ [sic] ਨੂੰ ਉਸਦੇ ਪਰਿਵਾਰ ਨੂੰ ਵਾਪਿਸ ਕਰ ਦੇਵੇਗਾ।”
ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਦੇ ਬੁਲਾਰੇ ਨੇ ਕਿਹਾ: “ਨਿਊਜ਼ੀਲੈਂਡ ਮਿਸਟਰ ਮੇਹਰਟੇਨਜ਼ ਦੀ ਸੁਰੱਖਿਅਤ ਰਿਹਾਈ ਲਈ ਸਾਰੀਆਂ ਪਾਰਟੀਆਂ ਨਾਲ ਕੰਮ ਕਰਨਾ ਜਾਰੀ ਰੱਖ ਰਿਹਾ ਹੈ। ਵਿਦੇਸ਼ ਮੰਤਰੀ ਨੇ ਇਸ ਸਮੇਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਹੈ।” ਇਸ ਤੋਂ ਪਹਿਲਾ ਇੰਡੋਨੇਸ਼ੀਆ ਦੀ ਸਰਕਾਰ ਅਤੇ ਫੌਜ, ਜੋ ਵੱਖਵਾਦੀ ਅੰਦੋਲਨ ਨੂੰ ਖਤਮ ਕਰਨ ਲਈ ਸੰਘਰਸ਼ ਕਰ ਰਹੇ ਹਨ, ਨੇ ਕਿਹਾ ਸੀ ਕਿ ਉਹ ਪਾਇਲਟ ਨੂੰ ਰਿਹਾਅ ਕਰਨ ਲਈ ਗੱਲਬਾਤ ਕਰ ਰਹੇ ਹਨ।