ਪੰਜਾਬ ਵਿੱਚ ਮੰਗਲਵਾਰ ਨੂੰ ਦੋ ਮੰਤਰੀਆਂ ਨੂੰ ਵਿਭਾਗਾਂ ਦੀ ਮੁੜ ਵੰਡ ਕੀਤੀ ਗਈ। ਕੈਬਨਿਟ ਮੰਤਰੀ ਚੇਤਨ ਸਿੰਘ ਨੂੰ ਇੱਕ ਹੋਰ ਵਿਭਾਗ ਦੀ ਜ਼ਿੰਮੇਵਾਰੀ ਦੇ ਕੇ ਹੋਰ ਤਾਕਤਵਰ ਬਣਾ ਦਿੱਤਾ ਗਿਆ ਹੈ। ਹੁਣ ਉਨ੍ਹਾਂ ਕੋਲ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਦੀ ਜ਼ਿੰਮੇਵਾਰੀ ਵੀ ਹੋਵੇਗੀ। ਪਹਿਲਾਂ ਇਹ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਕੋਲ ਸੀ। ਹੁਣ ਮੀਤ ਹੇਅਰ ਕੋਲ ਸਿਰਫ਼ ਖੇਡ ਅਤੇ ਯੁਵਾ ਵਿਭਾਗ ਰਹਿ ਗਿਆ ਹੈ। ਕੋਈ ਸਮਾਂ ਸੀ ਜਦੋਂ ਮੀਤ ਹੇਅਰ ਕੋਲ ਪੰਜ ਵਿਭਾਗਾਂ ਦੀ ਜ਼ਿੰਮੇਵਾਰੀ ਸੀ। ਜਦੋਂਕਿ ਸੀਐਮ ਭਗਵੰਤ ਮਾਨ ਕੋਲ 11 ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਹੁਣ ਸੀਐਮ ਭਗਵੰਤ ਮਾਨ ਤੋਂ ਬਾਅਦ ਚੇਤਨ ਸਿੰਘ ਜੋੜਾਮਾਜਰਾ ਕੋਲ ਸਭ ਤੋਂ ਵੱਧ ਸੱਤ ਵਿਭਾਗ ਹਨ।
ਦੱਸ ਦੇਈਏ ਕਿ 7 ਨਵੰਬਰ ਨੂੰ ਹੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਮੇਰਠ ਦੀ ਡਾਕਟਰ ਗੁਰਵੀਨ ਕੌਰ ਨਾਲ ਹੋਇਆ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਰੇਡੀਓਲੋਜਿਸਟ ਹੈ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਗੌਡਵਿਨ ਗਰੁੱਪ ਦੇ ਡਾਇਰੈਕਟਰ ਅਤੇ ਭਾਰਤੀ ਓਲੰਪਿਕ ਸੰਘ ਦੇ ਅਹੁਦੇਦਾਰ ਹਨ।