ਮਹਿਲਾ ਪ੍ਰੀਮੀਅਰ ਲੀਗ (WPL 2023) ਵਿੱਚ ਰਾਇਲ ਚੈਲੰਜਰਜ਼ ਬੰਗਲੌਰ (RCB) ਦਾ ਪ੍ਰਦਰਸ਼ਨ ਲਗਾਤਾਰ ਖ਼ਰਾਬ ਰਿਹਾ ਹੈ। ਅਜਿਹੇ ‘ਚ ਫ੍ਰੈਂਚਾਇਜ਼ੀ ਦੇ ਪ੍ਰਸ਼ੰਸਕ ਇੰਡੀਅਨ ਪ੍ਰੀਮੀਅਰ ਲੀਗ (IPL 2023) ਦੇ ਜਲਦ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਟੂਰਨਾਮੈਂਟ 31 ਮਾਰਚ ਤੋਂ ਸ਼ੁਰੂ ਹੋਣਾ ਹੈ, ਪਰ ਅਜਿਹਾ ਲੱਗ ਰਿਹਾ ਹੈ ਕਿ ਆਰਸੀਬੀ ਅਤੇ ਇਸ ਦੇ ਪ੍ਰਸ਼ੰਸਕਾਂ ਦਾ ਹਾਲ ਇਸ ਸਮੇਂ ਠੀਕ ਨਹੀਂ ਚੱਲ ਰਿਹਾ ਕਿਉਂਕਿ ਆਰਸੀਬੀ ਨੂੰ ਟੂਰਨਾਮੈਂਟ ਤੋਂ ਪਹਿਲਾਂ ਹੀ ਝਟਕਾ ਲੱਗਾ ਹੈ।
ਫਾਫ ਡੁਪਲੇਸੀ ਦੀ ਕਪਤਾਨੀ ਵਾਲੀ ਆਰਸੀਬੀ ਨਵੇਂ ਸੀਜ਼ਨ ‘ਚ ਆਪਣੇ ਨਵੇਂ ਖਿਡਾਰੀ ਵਿਲ ਜੈਕ ਦੀ ਮਦਦ ਨਹੀਂ ਲੈ ਸਕੇਗੀ। ਇੰਗਲੈਂਡ ਦੇ ਇਸ ਵਿਸਫੋਟਕ ਬੱਲੇਬਾਜ਼ ਅਤੇ ਪਾਰਟ-ਟਾਈਮ ਆਫ ਸਪਿਨਰ ਦੀ ਸੱਟ ਨੇ ਉਸ ਨੂੰ ਪੂਰੇ IPL 2023 ਤੋਂ ਬਾਹਰ ਕਰ ਦਿੱਤਾ ਹੈ। ਇੱਕ ਰਿਪੋਰਟ ਮੁਤਾਬਿਕ ਬੰਗਲਾਦੇਸ਼ ਦੌਰੇ ‘ਤੇ ਦੂਜੇ ਵਨਡੇ ਦੌਰਾਨ ਮਾਸਪੇਸ਼ੀ ਦੀ ਸੱਟ ਬਹੁਤ ਗੰਭੀਰ ਸਾਬਿਤ ਹੋਈ ਹੈ, ਜਿਸ ਕਾਰਨ ਜੈਕਸ ਨੂੰ ਆਈਪੀਐਲ ਤੋਂ ਆਪਣਾ ਨਾਂ ਵਾਪਿਸ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਜੈਕਸ ਨੂੰ ਪਿਛਲੀ ਨਿਲਾਮੀ ਵਿੱਚ ਆਰਸੀਬੀ ਨੇ 3.20 ਕਰੋੜ ਰੁਪਏ ਵਿੱਚ ਖਰੀਦਿਆ ਸੀ ਅਤੇ ਇਹ ਉਸ ਦਾ ਪਹਿਲਾ ਸੀਜ਼ਨ ਹੋਣ ਵਾਲਾ ਸੀ ਪਰ ਸੱਟ ਨੇ ਇਸ ਵਿੱਚ ਰੁਕਾਵਟ ਪਾਈ ਹੈ। ਜੈਕਸ ਜ਼ਖਮੀ ਹੋਣ ਤੋਂ ਪਹਿਲਾਂ ਸ਼ਾਨਦਾਰ ਫਾਰਮ ‘ਚ ਚੱਲ ਰਿਹਾ ਸੀ। ਉਸ ਨੇ ਦੱਖਣੀ ਅਫ਼ਰੀਕੀ ਲੀਗ SA20 ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ।