IPL ਵਿੱਚ ਅੱਜ (10 ਅਪ੍ਰੈਲ), ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਆਈਪੀਐਲ ਵਿੱਚ ਦੋਵਾਂ ਟੀਮਾਂ ਵਿਚਾਲੇ ਦੋ ਮੈਚ ਹੋਏ ਹਨ ਅਤੇ ਦੋਵਾਂ ਵਿੱਚ ਆਰਸੀਬੀ ਨੇ ਜਿੱਤ ਦਰਜ ਕੀਤੀ ਹੈ। ਇਹ ਮੈਚ ਪਿਛਲੇ ਸੀਜ਼ਨ ‘ਚ ਖੇਡੇ ਗਏ ਸਨ। ਹਾਲਾਂਕਿ ਇਸ ਵਾਰ ਲਖਨਊ ਸੁਪਰ ਜਾਇੰਟਸ ਦੇ ਕੋਲ ਜਿੱਤ ਦੀ ਰਫ਼ਤਾਰ ਹੈ। ਲਖਨਊ ਨੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਤਿੰਨ ਵਿੱਚੋਂ ਦੋ ਮੈਚ ਜਿੱਤੇ ਹਨ, ਜਦੋਂ ਕਿ ਆਰਸੀਬੀ ਨੇ ਹੁਣ ਤੱਕ ਦੋ ਮੈਚ ਖੇਡੇ ਹਨ ਅਤੇ ਇੱਕ ਜਿੱਤਿਆ ਹੈ ਅਤੇ ਇੱਕ ਹਾਰਿਆ ਹੈ।
ਆਰਸੀਬੀ ਨੇ ਇਸ ਆਈਪੀਐਲ ਦਾ ਆਪਣਾ ਪਹਿਲਾ ਮੈਚ ਮੁੰਬਈ ਖ਼ਿਲਾਫ਼ 8 ਵਿਕਟਾਂ ਨਾਲ ਜਿੱਤਿਆ ਸੀ ਪਰ ਦੂਜੇ ਮੈਚ ਵਿੱਚ ਉਸ ਨੂੰ ਕੋਲਕਾਤਾ ਨੇ 81 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਦੂਜੇ ਪਾਸੇ ਲਖਨਊ ਦੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 50 ਦੌੜਾਂ ਨਾਲ ਹਰਾਇਆ ਸੀ ਪਰ ਦੂਜੇ ਮੈਚ ਵਿੱਚ ਉਸ ਨੂੰ ਸੀਐਸਕੇ ਹੱਥੋਂ 12 ਦੌੜਾਂ ਦੀ ਰੋਮਾਂਚਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਤੀਜੇ ਮੈਚ ‘ਚ ਲਖਨਊ ਦੀ ਟੀਮ ਨੇ ਫਿਰ ਜਿੱਤ ਦੀ ਲੀਹ ‘ਤੇ ਵਾਪਸੀ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਨੂੰ 24 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਦਿੱਤਾ ਸੀ।