ਆਈਪੀਐਲ 2024 ਦੇ ਐਲੀਮੀਨੇਟਰ ਮੈਚ ਵਿੱਚ ਕੁਝ ਅਜਿਹਾ ਹੋਇਆ ਜਿਸ ਦੀ ਸ਼ਾਇਦ ਆਰਸੀਬੀ ਪ੍ਰਸ਼ੰਸਕਾਂ ਨੂੰ ਉਮੀਦ ਨਹੀਂ ਹੋਵੇਗੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਨੇ ਆਰਸੀਬੀ ਨੂੰ 4 ਵਿਕਟਾਂ ਨਾਲ ਹਰਾਇਆ ਅਤੇ ਇਸ ਦੇ ਨਾਲ ਹੀ ਆਰਸੀਬੀ ਟੀਮ IPL 2024 ‘ਚੋਂ ਬਾਹਰ ਹੋ ਗਈ। ਆਰਸੀਬੀ ਦੀ ਟੀਮ ਲਗਾਤਾਰ 17ਵੀਂ ਵਾਰ ਆਈਪੀਐਲ ਜਿੱਤਣ ਵਿੱਚ ਨਾਕਾਮ ਰਹੀ। ਐਲੀਮੀਨੇਟਰ ਮੈਚ ਵਿੱਚ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 172 ਦੌੜਾਂ ਬਣਾਈਆਂ ਸਨ, ਜਵਾਬ ਵਿੱਚ ਰਾਜਸਥਾਨ ਨੇ ਇਹ ਟੀਚਾ ਇੱਕ ਓਵਰ ਪਹਿਲਾਂ ਹੀ ਹਾਸਿਲ ਕਰ ਲਿਆ। ਰਾਜਸਥਾਨ ਦੀ ਜਿੱਤ ਵਿੱਚ ਰਿਆਨ ਪਰਾਗ, ਯਸ਼ਸਵੀ ਜੈਸਵਾਲ ਦਾ ਅਹਿਮ ਯੋਗਦਾਨ ਰਿਹਾ। ਪਰਾਗ ਨੇ 36 ਦੌੜਾਂ ਬਣਾਈਆਂ ਜਦਕਿ ਜੈਸਵਾਲ ਨੇ ਵੀ 45 ਦੌੜਾਂ ਦੀ ਪਾਰੀ ਖੇਡੀ। ਅੰਤ ਵਿੱਚ ਸ਼ਿਮਰੋਨ ਹੇਟਮਾਇਰ ਅਤੇ ਰੋਵਮੈਨ ਪਾਵੇਲ ਨੇ ਵੀ ਤੇਜ਼ ਦੌੜਾਂ ਬਣਾ ਕੇ ਰਾਜਸਥਾਨ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ।
