ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਰਾਜੀਵ ਗਾਂਧੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 206 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਸਨਰਾਈਜ਼ਰਜ਼ ਹੈਦਰਾਬਾਦ ਦੀ ਬੱਲੇਬਾਜ਼ੀ ਅਸਫਲ ਰਹੀ ਅਤੇ ਟੀਮ 171 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦਾ ਟਾਪ ਆਰਡਰ ਬੇਂਗਲੁਰੂ ਖਿਲਾਫ ਅਸਫਲ ਰਿਹਾ। ਟ੍ਰੈਵਿਸ ਹੈੱਡ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ। ਏਡਨ ਮਾਰਕਰਮ ਨੇ 7 ਦੌੜਾਂ ਦੀ ਪਾਰੀ ਖੇਡੀ। ਹੇਨਰਿਕ ਕਲਾਸੇਨ ਵੀ ਸਿਰਫ਼ 7 ਦੌੜਾਂ ਹੀ ਬਣਾ ਸਕਿਆ। ਅਭਿਸ਼ੇਕ ਸ਼ਰਮਾ ਅਤੇ ਪੈਟ ਕਮਿੰਸ ਨੇ 31-31 ਅਤੇ ਸ਼ਾਹਬਾਜ਼ ਅਹਿਮਦ ਨੇ ਨਾਬਾਦ 40 ਦੌੜਾਂ ਬਣਾ ਕੇ ਕੁਝ ਕੋਸ਼ਿਸ਼ਾਂ ਕੀਤੀਆਂ ਪਰ ਬੈਂਗਲੁਰੂ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ।
ਇਸ ਸੀਜ਼ਨ ਵਿੱਚ ਬੈਂਗਲੁਰੂ ਦੀ ਇਹ ਦੂਜੀ ਜਿੱਤ ਹੈ। ਟੀਮ 9 ‘ਚੋਂ 7 ਮੈਚ ਹਾਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਗਲੁਰੂ ਦੀ ਟੀਮ ਨੇ ਇੱਕ ਮਹੀਨੇ ਬਾਅਦ ਮੈਚ ਜਿੱਤਿਆ ਹੈ। ਆਰਸੀਬੀ ਨੂੰ ਇਸ ਟੂਰਨਾਮੈਂਟ ਵਿੱਚ ਪਹਿਲੀ ਜਿੱਤ 25 ਮਾਰਚ ਨੂੰ ਪੰਜਾਬ ਖ਼ਿਲਾਫ਼ ਮਿਲੀ ਸੀ। ਹੁਣ ਆਰਸੀਬੀ ਨੂੰ 25 ਅਪ੍ਰੈਲ ਨੂੰ ਦੂਜੀ ਜਿੱਤ ਮਿਲੀ। ਦੂਜੇ ਪਾਸੇ ਹੈਦਰਾਬਾਦ ਨੂੰ ਇਸ ਸੈਸ਼ਨ ‘ਚ ਤੀਜੀ ਹਾਰ ਝੱਲਣੀ ਪਈ ਹੈ ਪਰ ਇਹ ਟੀਮ ਅੰਕ ਸੂਚੀ ‘ਚ ਅਜੇ ਵੀ ਤੀਜੇ ਸਥਾਨ ‘ਤੇ ਹੈ।