ਪੰਜਾਬ ਤੋਂ ਤਿੰਨ ਵਾਰ ਕਾਂਗਰਸ ਦੇ ਸੰਸਦ ਮੈਂਬਰ ਰਹੇ ਅਤੇ ਲੁਧਿਆਣਾ ਤੋਂ ਭਾਜਪਾ ਦੀ ਟਿਕਟ ‘ਤੇ 2024 ਦੀਆਂ ਲੋਕ ਸਭਾ ਚੋਣਾਂ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਐਤਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਹੈ। ਉਨ੍ਹਾਂ ਨੂੰ ਦਿੱਲੀ ਪਹੁੰਚਣ ਅਤੇ ਪ੍ਰਧਾਨ ਮੰਤਰੀ ਦੀ ਚਾਹ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੀਆਂ 13 ਸੀਟਾਂ ‘ਚੋਂ ਭਾਜਪਾ ਦੇ ਉਮੀਦਵਾਰ ਇੱਕ ਵੀ ਸੀਟ ਨਹੀਂ ਜਿੱਤ ਸਕੇ। ਇਸ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਪੀਐਮਓ ਤੋਂ ਫੋਨ ਆਉਣਾ ਹੈਰਾਨ ਕਰਨ ਵਾਲਾ ਹੈ। ਜਦਕਿ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।
ਲੋਕ ਸਭਾ ਚੋਣਾਂ 2024 ਦੇ ਨਤੀਜੇ ਐਲਾਨੇ ਜਾਣ ਤੋਂ ਪੰਜ ਦਿਨ ਬਾਅਦ, ਨਰਿੰਦਰ ਮੋਦੀ ਆਪਣੇ ਕੈਬਨਿਟ ਸਾਥੀਆਂ ਨਾਲ ਦੇਰ ਸ਼ਾਮ ਨੂੰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਜਿਨ੍ਹਾਂ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੂੰ ਮੋਦੀ ਮੰਤਰੀ ਮੰਡਲ ‘ਚ ਜਗ੍ਹਾ ਮਿਲਣ ਦੀ ਸੰਭਾਵਨਾ ਹੈ, ਉਨ੍ਹਾਂ ਨੂੰ ਫੋਨ ਕਾਲ ਜ਼ਰੀਏ ਪੀਐੱਮਓ ਪਹੁੰਚਣ ਲਈ ਕਿਹਾ ਜਾ ਰਿਹਾ ਹੈ।
ਉੱਥੇ ਹੀ ਮੋਦੀ ਕੈਬਨਿਟ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਬੁਲਾਇਆ ਗਿਆ ਸੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਚਾਹ ਲਈ ਸੱਦਾ ਦਿੱਤਾ ਗਿਆ ਸੀ। ਇਸ ਦੇ ਲਈ ਜਦੋਂ ਉਹ ਪ੍ਰਧਾਨ ਮੰਤਰੀ ਨਿਵਾਸ ਲਈ ਰਵਾਨਾ ਹੋਏ ਤਾਂ ਉਨ੍ਹਾਂ ਦੀ ਕਾਰ ਦਿੱਲੀ ਦੇ ਟ੍ਰੈਫਿਕ ਜਾਮ ਵਿੱਚ ਫਸ ਗਈ। ਪ੍ਰਧਾਨ ਮੰਤਰੀ ਨਿਵਾਸ ਸਮੇਂ ਸਿਰ ਪਹੁੰਚਣ ਲਈ ਰਵਨੀਤ ਸਿੰਘ ਬਿੱਟੂ ਆਪਣੀ ਕਾਰ ਨੂੰ ਟਰੈਫਿਕ ਵਿੱਚ ਛੱਡ ਕੇ ਪ੍ਰਧਾਨ ਮੰਤਰੀ ਨਿਵਾਸ ਵੱਲ ਦੌੜਨ ਲੱਗੇ। ਇਸ ਦੀ ਵੀਡੀਓ ਵੀ ਸਾਹਮਣੇ ਆ ਰਹੀ ਹੈ।