ਭਾਰਤ ਦੇ ਆਫ ਸਪਿਨਰ ਆਰ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਗਾਬਾ ਟੈਸਟ ਖਤਮ ਹੁੰਦੇ ਹੀ ਅਸ਼ਵਿਨ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ। ਰਵੀਚੰਦਰਨ ਅਸ਼ਵਿਨ ਭਾਰਤੀ ਟੈਸਟ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੂੰ ਇਸ ਦੌਰੇ ‘ਤੇ ਹੁਣ ਤੱਕ ਸਿਰਫ ਇਕ ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਐਡੀਲੇਡ ਤੋਂ ਬਾਅਦ ਉਹ ਗਾਬਾ ਟੈਸਟ ਤੋਂ ਬਾਹਰ ਹੋ ਗਏ ਸੀ। ਗਾਬਾ ਟੈਸਟ ਦੌਰਾਨ ਅਸ਼ਵਿਨ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਉਨ੍ਹਾਂ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਗਲੇ ਲਗਾਇਆ। ਅਸ਼ਵਿਨ ਨੇ ਮੁੱਖ ਕੋਚ ਗੰਭੀਰ ਨਾਲ ਵੀ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਫਿਰ ਪ੍ਰੈੱਸ ਕਾਨਫਰੰਸ ‘ਚ ਆ ਕੇ ਸੰਨਿਆਸ ਦਾ ਐਲਾਨ ਕਰ ਦਿੱਤਾ। ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੱਤੀ ਕਿ ਅਸ਼ਵਿਨ ਹੁਣ ਆਸਟ੍ਰੇਲੀਆ ‘ਚ ਨਹੀਂ ਰਹਿਣਗੇ। ਉਹ ਵੀਰਵਾਰ ਨੂੰ ਭਾਰਤ ਪਰਤਣਗੇ।
ਆਰ ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ 106 ਮੈਚਾਂ ‘ਚ 537 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂ 37 ਪੰਜ ਵਿਕਟਾਂ ਹਨ ਅਤੇ ਮੈਚ ਵਿੱਚ 8 ਵਾਰ 10 ਵਿਕਟਾਂ ਝਟਕਾਈਆਂ ਹਨ। ਅਸ਼ਵਿਨ ਨੇ 156 ਵਨਡੇ ਵਿਕਟਾਂ ਵੀ ਝਟਕਾਈਆ ਹਨ। ਅਸ਼ਵਿਨ ਨੇ ਟੀ-20 ‘ਚ 72 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 765 ਵਿਕਟਾਂ ਹਾਸਿਲ ਕੀਤੀਆਂ ਸਨ। ਅਸ਼ਵਿਨ ਨੇ ਬੱਲੇਬਾਜ਼ ਵੱਜੋਂ ਵੀ ਆਪਣੀ ਛਾਪ ਛੱਡੀ ਹੈ। ਟੈਸਟ ਕ੍ਰਿਕਟ ‘ਚ ਉਨ੍ਹਾਂ ਦੇ ਨਾਂ 3503 ਦੌੜਾਂ ਹਨ ਅਤੇ ਉਨ੍ਹਾਂ ਨੇ ਕੁੱਲ 6 ਟੈਸਟ ਸੈਂਕੜੇ ਬਣਾਏ ਹਨ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਕੁੱਲ 8 ਸੈਂਕੜੇ ਲਗਾਏ ਹਨ।