ਪੰਜਾਬ ‘ਚ ਭਲਕੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਲਈ ਪ੍ਰਚਾਰ ਬੀਤੇ ਦਿਨ ਯਾਨੀ ਕਿ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ ਹੈ। ਪਰ ਵੋਟਾਂ ਤੋਂ ਕੁੱਝ ਘੰਟੇ ਪਹਿਲਾ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ ਪੰਜਾਬੀਆਂ ਨੂੰ ਖ਼ਾਸ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਪੈਸਿਆਂ ਦੇ ਲਾਲਚ ਅਤੇ ਥੋੜ੍ਹੀਆਂ ਜਿਹੀਆਂ ਮੁਫ਼ਤ ਸਹੂਲਤਾਂ ਮਿਲਣ ਦੇ ਵਾਅਦਿਆਂ ਵੱਲ ਧਿਆਨ ਨਾ ਦੇ ਕੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣੀ ਚਾਹਦੀ ਹੈ।
ਰਵੀ ਸਿੰਘ ਖ਼ਾਲਸਾ ਨੇ ਪੋਸਟ ਵਿੱਚ ਲਿਖਿਆ, “ਪੰਜਾਬ ਚੋਣਾਂ 2022 🗳
ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥
“ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੈ। ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਵਾੜ ਬਣ ਕੇ ਪੰਜਾਬ ਦੀ ਰਾਖੀ ਕਰਨ ਦੀ ਥਾਂ ਪੰਜਾਬ ਦੀ ਲੁੱਟ ਹੀ ਕੀਤੀ ਹੈ। ਕੁਝ ਕੁ ਨਵੀਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਬਣਾ ਕੇ ਪੇਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਪਾਣੀਆਂ ਅਤੇ ਕੁਦਰਤੀ ਸਾਧਨਾਂ ਦੀ ਹੋ ਰਹੀ ਲੁੱਟ ਬਾਰੇ ਇਹ ਰਾਸ਼ਟਰਵਾਦੀ ਪਾਰਟੀਆਂ ਅਮਲੀ ਤੌਰ ਤੇ ਕੰਮ ਕਰਨ ਤੋਂ ਇਨਕਾਰੀ ਹੀ ਦਿਸ ਰਹੀਆਂ ਹਨ। ਰਾਸ਼ਟਰਵਾਦ ਨੂੰ ਸਮਰਪਿਤ ਇਹ ਨਵੀਂਆਂ ਅਤੇ ਪੁਰਾਣੀਆਂ ਪਾਰਟੀਆਂ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਵੀ ਨਹੀਂ ਕਰ ਰਹੀਆਂ। ਇਹਨਾਂ ਨਵੀਂਆਂ ਅਤੇ ਪੁਰਾਣੀਆਂ ਰਾਸ਼ਟਰਵਾਦੀ ਪਾਰਟੀਆਂ ਵਲੋਂ ਹਰ ਉਸ ਇਨਸਾਨ ਨੂੰ Sideline (ਕਿਨਾਰੇ) ਕਰ ਦਿੱਤਾ ਗਿਆ, ਜਿਸ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਪੰਜਾਬੀਆਂ ਨੂੰ ਪੈਸਿਆਂ ਦੇ ਲਾਲਚ ਅਤੇ ਥੋੜ੍ਹੀਆਂ ਜਿਹੀਆਂ ਮੁਫ਼ਤ ਸਹੂਲਤਾਂ ਮਿਲਣ ਦੇ ਵਾਦਿਆਂ ਵੱਲ ਧਿਆਨ ਨਾ ਦੇ ਕੇ, ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਣੀ ਚਾਹਦੀ ਹੈ।”