ਦੁਸਹਿਰੇ ਵਾਲੇ ਦਿਨ ਜਿਥੇ ਪੂਰੇ ਦੇਸ਼ ‘ਚ ਰਾਵਣ ਦਾ ਪੁਤਲਾ ਸਾੜ ਕੇ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਵੀ ਹਨ, ਜਿਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਇਨ੍ਹਾਂ ਥਾਵਾਂ ‘ਤੇ ਰਾਵਨ ਦਾ ਪੁਤਲਾ ਸਾੜਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਪੰਜਾਬ ‘ਚ ਵੀ ਇਕ ਅਜਿਹਾ ਪਿੰਡ ਹੈ, ਜਿੱਥੇ ਦੁਸਹਿਰੇ ਵਾਲੇ ਦਿਨ ਰਾਵਣ ਨਹੀਂ ਸਾੜਿਆ ਜਾਂਦਾ ਸਗੋਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਹ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਪਾਇਲ ਹੈ। ਇਹ ਪਿੰਡ ਰਾਵਣ ਨੂੰ ਹੀਰੋ ਮੰਨਦਾ ਹੈ। ਇਸ ਪਿੰਡ ਵਿੱਚ ਰਾਵਣ ਦੀ ਪੂਜਾ ਦੀ ਪਰੰਪਰਾ ਲਗਭਗ 187 ਸਾਲ ਪਹਿਲਾਂ ਤੋਂ ਸ਼ੁਰੂ ਹੋਈ ਸੀ। ਜੋ ਅੱਜ ਵੀ ਜਾਰੀ ਹੈ। ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਸ਼ਰਾਬ ਦੀ ਬੋਤਲ ਅਤੇ ਬੱਕਰੇ ਦੇ ਖੂਨ ਨਾਲ ਕੀਤੀ ਜਾਂਦੀ ਹੈ। ਰਾਵਣ ਦੀ ਪੂਜਾ ਦੀ ਆਸਥਾ ਪੁੱਤਰ ਦੇ ਜਨਮ ਨਾਲ ਜੁੜੀ ਹੋਈ ਹੈ। ਇਸ ਦੇ ਨਾਲ ਹੀ ਇਕ ਵਾਰ ਕੁੱਝ ਸ਼ਰਾਰਤੀ ਅਨਸਰਾਂ ਨੇ ਰਾਵਣ ਦੀ ਮੂਰਤੀ ਨੂੰ ਤੋੜ ਦਿੱਤਾ ਸੀ, ਜਿਸ ਨੂੰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦੀ ਸਿਫਾਰਸ਼ ‘ਤੇ ਦੁਬਾਰਾ ਲਗਾਇਆ ਗਿਆ ਸੀ। ਉੱਥੇ ਮੂਰਤੀ ਤੋੜਨ ਵਾਲਿਆਂ ਦੇ ਪਰਿਵਾਰ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਜਿਸ ਮਗਰੋਂ ਉਨ੍ਹਾਂ ਨੇ ਮੁਆਫੀ ਵੀ ਮੰਗੀ ਸੀ।
ਦੂਬੇ ਪਰਿਵਾਰ ਦੇ ਮੈਂਬਰ ਅਨਿਲ ਦੂਬੇ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਹਕੀਮ ਬੀਰਬਲ ਦਾਸ ਨੂੰ 2 ਵਿਆਹਾਂ ਤੋਂ ਬਾਅਦ ਵੀ ਸੰਤਾਨ ਦਾ ਸੁੱਖ ਨਹੀਂ ਮਿਲਿਆ ਸੀ। ਜਿਸ ਕਾਰਨ ਉਨ੍ਹਾਂ ਨੇ ਪਰਵਾਰਿਕ ਜੀਵਨ ਛੱਡ ਕੇ ਜਾਣ ਦਾ ਫੈਸਲਾ ਕੀਤਾ ਸੀ। ਪਰ ਕੁੱਝ ਸਮੇਂ ਮਗਰੋਂ ਇੱਕ ਸੰਤ ਨੇ ਉਨ੍ਹਾਂ ਨੂੰ ਰਾਮਲੀਲਾ ਕਰਵਾਉਣ ਅਤੇ ਗ੍ਰਹਿਸਥੀ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਵਾਪਿਸ ਪਰਤ ਕੇ ਦੁਸਹਿਰੇ ਵਾਲੇ ਦਿਨ ਉਨ੍ਹਾਂ ਨੂੰ ਪੁਤਰ ਦੀ ਪ੍ਰਾਪਤੀ ਹੋਈ। ਇਸ ਦੇ ਪਿੱਛੇ ਉਨ੍ਹਾਂ ਨੇ ਰਾਵਣ ਦਾ ਆਸ਼ੀਰਵਾਦ ਮੰਨਿਆ।
ਦੂਬੇ ਪਰਿਵਾਰ ਮੁਤਾਬਿਕ ਜਿਸ ਤਰ੍ਹਾਂ ਉਨ੍ਹਾਂ ਦੇ ਪੂਰਵਜ ਦੇ ਚਾਰ ਪੁੱਤਰ ਸਨ, ਉਸੇ ਤਰ੍ਹਾਂ ਮਹਾਤਮਾ ਰਾਵਣ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਵੀ ਚਾਰ ਪੁੱਤਰ ਹਨ। ਅਨਿਲ ਦੂਬੇ ਦਾ ਕਹਿਣਾ ਹੈ ਕਿ ਇੱਥੇ ਲੋਕ ਪੁੱਤਰ ਪ੍ਰਾਪਤੀ ਲਈ ਸੁੱਖਣਾ ਸੁੱਖਣ ਆਉਂਦੇ ਹਨ। ਜਦੋਂ ਉਨ੍ਹਾਂ ਦੀ ਸੁੱਖਣਾ ਪੂਰੀ ਹੋ ਜਾਂਦੀ ਹੈ, ਤਾਂ ਦੁਸਹਿਰੇ ਵਾਲੇ ਦਿਨ ਇੱਥੇ ਸ਼ਰਾਬ ਦੀ ਬੋਤਲ ਚੜ੍ਹਾਈ ਜਾਂਦੀ ਹੈ। ਅਨਿਲ ਦੂਬੇ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਠਾਨਕੋਟ, ਚੰਡੀਗੜ੍ਹ, ਭੋਪਾਲ, ਕੈਨੇਡਾ ਅਤੇ ਆਸਟ੍ਰੇਲੀਆ ਤੋਂ ਦੁਸਹਿਰੇ ਵਾਲੇ ਦਿਨ ਇੱਥੇ ਜ਼ਰੂਰ ਪਹੁੰਚਦੇ ਹਨ।
ਦੱਸ ਦੇਈਏ ਕਿ 1834 ਵਿੱਚ ਦੂਬੇ ਪਰਿਵਾਰ ਦੇ ਹਕੀਮ ਬੀਰਬਲ ਦਾਸ ਨੇ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਸੀ। ਉਪਰੰਤ ਲੰਕਾਪਤੀ ਰਾਵਣ ਦੀ ਕਪਾਹ ਆਦਿ ਨਾਲ ਮੂਰਤੀ ਬਣਾ ਕੇ ਪੂਜਾ ਕੀਤੀ ਗਈ | ਕੁਝ ਸਾਲ ਬੀਤ ਜਾਣ ਤੋਂ ਬਾਅਦ ਇੱਥੇ ਸੀਮਿੰਟ ਦਾ ਰਾਵਣ ਦਾ ਪੁਤਲਾ ਪੱਕਾ ਹੀ ਲਗਾਇਆ ਗਿਆ। 187 ਸਾਲਾਂ ਤੋਂ, ਹੁਣ ਹਰ ਸਾਲ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਰਾਵਣ ਦੀ ਮੂਰਤੀ ਅਤੇ ਸ਼੍ਰੀ ਰਾਮ ਦੇ ਮੰਦਰ ਨੂੰ ਸੰਭਾਲ ਰਿਹਾ ਹੈ। ਇਹ ਪਰਿਵਾਰ ਹਕੀਮ ਬੀਰਬਲ ਦਾਸ ਜੀ ਦੀ 7ਵੀਂ ਪੀੜ੍ਹੀ ਹੈ।