ਅਮਰੀਕੀ ਰੈਪਰ ਪੀਐਨਬੀ ਰੌਕ ਨੂੰ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਸਮੇਂ ਕਿਸੇ ਵੱਲੋਂ ਗੋਲੀ ਮਾਰੇ ਜਾਣ ਦੀ ਖਬਰ ਹੈ। ਗੋਲੀ ਲੱਗਣ ਨਾਲ ਰੈਪਰ ਦੀ ਮੌਤ ਵੀ ਹੋ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰੈਪਰ ਪੀਐਨਬੀ ਰੌਕ, ਜੋ ਕਿ ਫਿਲਾਡੇਲਫੀਆ, ਪੈਨਸਿਲਵੇਨੀਆ, ਅਮਰੀਕਾ ਦਾ ਰਹਿਣ ਵਾਲਾ ਹੈ ਪੀਐਨਬੀ ਨੂੰ 2016 ਵਿੱਚ ਆਪਣੇ ਗੀਤ ‘ਸੇਲਫਿਸ਼’ ਲਈ ਪ੍ਰਸਿੱਧੀ ਮਿਲੀ ਸੀ। ਇੱਕ ਚੈੱਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਗਾਇਕ ਨੂੰ ਸੋਮਵਾਰ ਦੁਪਹਿਰ ਨੂੰ ਦੱਖਣੀ ਲਾਸ ਏਂਜਲਸ ਵਿੱਚ ਰੋਸਕੋ ਦੇ ਚਿਕਨ ਐਂਡ ਵੈਫਲਜ਼ ਰੈਸਟੋਰੈਂਟ ਵਿੱਚ ਲੁੱਟ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਲਾਸ ਏਂਜਲਸ ਦੇ ਪੁਲਿਸ ਅਧਿਕਾਰੀ ਕੈਲੀ ਮੁਨੀਜ਼ ਨੇ ਦੱਸਿਆ ਕਿ ਮੇਨ ਸਟ੍ਰੀਟ ਅਤੇ ਮੈਨਚੈਸਟਰ ਐਵੇਨਿਊ ‘ਤੇ ਸਥਿਤ ਮਸ਼ਹੂਰ ਭੋਜਨਖਾਨੇ ‘ਚ ਦੁਪਹਿਰ 1:15 ਵਜੇ ਗੋਲੀਬਾਰੀ ਹੋਈ।
30 ਸਾਲਾ ਰੈਪਰ ਪੀਐਨਬੀ ਰੌਕ ਦਾ ਅਸਲੀ ਨਾਂ ਰਾਕਿਮ ਐਲਨ ਸੀ। ਉਹ ਆਪਣੀ ਪ੍ਰੇਮਿਕਾ ਨਾਲ ਰੈਸਟੋਰੈਂਟ ‘ਚ ਆਇਆ ਹੋਇਆ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਲੋਕੇਸ਼ਨ ਟੈਗ ਕਰਨ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਨੇ ਪੀੜਤਾ ਵੱਲ ਬੰਦੂਕ ਤਾਣ ਲਈ ਅਤੇ ਧਮਕੀ ਦਿੱਤੀ ਕਿ ਉਨ੍ਹਾਂ ਕੋਲ ਜੋ ਵੀ ਹੈ, ਉਹ ਦੇ ਦੇਣ। ਸੂਤਰਾਂ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਨਜ਼ਰ ਰੌਕ ਦੇ ਗਹਿਣਿਆਂ ‘ਤੇ ਸੀ। ਮੁਨੀਜ਼ ਨੇ ਦੱਸਿਆ ਕਿ ਲੁਟੇਰੇ ਨੇ ਪੀੜਤ ਨੂੰ ਗੋਲੀ ਮਾਰ ਦਿੱਤੀ ਅਤੇ ਬਾਹਰ ਆ ਗਿਆ, ਜਿਸ ਤੋਂ ਬਾਅਦ ਉਹ ਪਾਰਕਿੰਗ ਲਾਟ ਰਾਹੀਂ ਫਰਾਰ ਹੋ ਗਿਆ।