ਕੈਨੇਡਾ ‘ਚ ਹੋਈਆਂ 2025 ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਰਾਜਨੀਤਿਕ ਸਮੀਕਰਨ ਬਦਲ ਦਿੱਤੇ ਹਨ। ਇੰਨਾਂ ਚੋਣਾਂ ਦੇ ਨਤੀਜਿਆਂ ‘ਚ ਪੰਜਾਬੀਆਂ ਨੇ ਬੱਲੇ-ਬੱਲੇ ਕਰਵਾ ਦਿੱਤੀ ਹੈ। ਨਤੀਜਿਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਬ੍ਰਿਟਿਸ਼ ਕੋਲੰਬੀਆ ਦੀ ਸਰੀ ਸੈਂਟਰ ਸੀਟ ਤੋਂ ਸਾਹਮਣੇ ਆਈ ਹੈ ਜਿੱਥੇ ਰਣਦੀਪ ਸਿੰਘ ਸਰਾਏ ਨੇ ਇੱਕ ਵਾਰ ਫਿਰ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਸਰਾਏ ਲਿਬਰਲ ਪਾਰਟੀ ਦੀ ਟਿਕਟ ‘ਤੇ ਲਗਾਤਾਰ ਚੌਥੀ ਵਾਰ ਆਪਣੀ ਸੀਟ ਤੋਂ ਜਿੱਤਣ ‘ਚ ਕਾਮਯਾਬ ਹੋਏ ਹਨ। ਉੱਥੇ ਹੀ ਇਹ ਵੀ ਚਰਚਾ ਹੈ ਕਿ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੀ ਕੈਬਨਿਟ ‘ਚ ਵੀ ਸ਼ਾਮਿਲ ਹੋ ਸਕਦੇ ਹਨ। ਰਣਦੀਪ ਸਿੰਘ ਸਰਾਏ ਸਾਲ 2015 ਤੋਂ ਸਰੀ ਸੈਂਟਰ ਹਲਕੇ ਤੋਂ ਨੇ MP ਬਣਦੇ ਆ ਰਹੇ ਹਨ। ਰਣਦੀਪ ਸਰਾਏ, ਵੇਰਕਾ, ਪੰਜਾਬ ਦੇ ਚੇਅਰਮੈਨ ਰਾਮੇਸ਼ਵਰ ਸਿੰਘ ਸਰਾਏ ਦੇ ਭਰਾ ਹਨ। ਉਨ੍ਹਾਂ ਦੇ ਪਰਿਵਾਰ ਨੇ ਜਲੰਧਰ ਤੋਂ ਕੈਨੇਡਾ ਪਰਵਾਸ ਕੀਤਾ ਸੀ। ਰਣਦੀਪ ਸਰਾਏ ਪੇਸ਼ੇ ਵਜੋਂ ਵਕੀਲ ਵੀ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੈਚਲਰਜ਼ ਅਤੇ ਕੁਈਨਜ਼ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਡਿਗਰੀ ਕੀਤੀ ਹੈ।
ਦੱਸ ਦੇਈਏ ਕੈਨੇਡਾ ‘ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੁਬਾਰਾ ਸੱਤਾ ਵਿੱਚ ਆ ਰਹੀ ਹੈ। ਲਿਬਰਲ ਪਾਰਟੀ 166 ਸੀਟਾਂ ਜਿੱਤਦੀ ਜਾਪਦੀ ਹੈ। ਕੈਨੇਡਾ ਵਿੱਚ ਸਰਕਾਰ ਬਣਾਉਣ ਲਈ 172 ਸੰਸਦ ਮੈਂਬਰਾਂ ਦੀ ਲੋੜ ਹੁੰਦੀ ਹੈ। ਲਿਬਰਲਾਂ ਨੂੰ ਪਿਛਲੀ ਵਾਰ ਨਾਲੋਂ 9 ਸੀਟਾਂ ਵੱਧ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਹਾਲਾਂਕਿ, ਇਸ ਵਾਰ ਮਾਰਕ ਕਾਰਨੀ ਟਰੂਡੋ ਦੀ ਜਗ੍ਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨਗੇ। ਦਰਅਸਲ, ਲਿਬਰਲ ਪਾਰਟੀ ਦੇ ਅੰਦਰੂਨੀ ਸਿਸਟਮ ਵਿੱਚ, ਕਾਰਨੀ ਨੂੰ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਘੋਸ਼ਿਤ ਕੀਤਾ ਗਿਆ ਹੈ। ਜਦੋਂ ਕਿ ਕੰਜ਼ਰਵੇਟਿਵ ਪਾਰਟੀ ਲਗਭਗ 145 ਸੀਟਾਂ ਜਿੱਤ ਰਹੀ ਹੈ। ਕੰਜ਼ਰਵੇਟਿਵ ਪਾਰਟੀ ਨੂੰ ਫਿਰ ਤੋਂ ਸੱਤਾ ਤੋਂ ਬਾਹਰ ਰਹਿਣਾ ਪਏਗਾ।