ਹਰਿਆਣਾ ‘ਚ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਜੇਲ ਤੋਂ ਬਾਹਰ ਆ ਜਾਵੇਗਾ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਮਨਜ਼ੂਰ ਹੋ ਗਈ ਹੈ। ਪੈਰੋਲ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹੇਗਾ। ਹਾਲਾਂਕਿ ਰਾਮ ਰਹੀਮ ਸਿਰਸਾ ਆਸ਼ਰਮ ਆਉਣਾ ਚਾਹੁੰਦਾ ਸੀ ਪਰ ਸਰਕਾਰ ਇਸ ਲਈ ਰਾਜ਼ੀ ਨਹੀਂ ਹੋਈ। ਖਾਸ ਗੱਲ ਇਹ ਹੈ ਕਿ ਰਾਮ ਰਹੀਮ ਸਾਲ ‘ਚ ਤੀਜੀ ਵਾਰ ਪੈਰੋਲ ‘ਤੇ ਬਾਹਰ ਆ ਰਿਹਾ ਹੈ।
ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ‘ਚ ਪੈਰੋਲ ਮਿਲੀ ਸੀ। ਹੁਣ ਤੱਕ ਰਾਮ ਰਹੀਮ ਨੂੰ 51 ਦਿਨਾਂ ਦੀ ਛੁੱਟੀ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਗੁਰੂਗ੍ਰਾਮ ਦੇ ਆਸ਼ਰਮ ਵਿੱਚ ਰਿਹਾ ਸੀ। ਇਸ ਤੋਂ ਬਾਅਦ ਉਹ ਯੂਪੀ ਦੇ ਬਾਗਪਤ ਵਿੱਚ 30 ਦਿਨਾਂ ਤੱਕ ਰਿਹਾ। ਇਸ ਦੌਰਾਨ ਰਾਮ ਰਹੀਮ ਨੇ ਆਪਣੇ ਸਤਿਸੰਗ ਦੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਸਨ। ਡੇਰਾ ਮੁਖੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ 2017 ਤੋਂ ਸਜ਼ਾ ਕੱਟ ਰਿਹਾ ਹੈ। ਉਸ ਨੂੰ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਸਾਲ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ। ਇਸ ਤੋਂ ਬਾਅਦ 27 ਜੂਨ ਨੂੰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਅਤੇ ਉਹ ਯੂਪੀ ਦੇ ਬਾਗਪਤ ਆਸ਼ਰਮ ‘ਚ ਰਿਹਾ ਸੀ।