[gtranslate]

ਕਿਸਾਨਾਂ ਨਾਲ ਸਮਝੌਤੇ ਲਈ AAP ਆਪਣੇ ਉਮੀਦਵਾਰਾਂ ਦੀਆਂ ਟਿਕਟਾਂ ਕੱਟਣ ਲਈ ਤਿਆਰ : ਰਾਜੇਵਾਲ

rajewal said aap ready to cut tickets

ਪੰਜਾਬ ‘ਚ ਕੁੱਝ ਮਹੀਨਿਆਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਇਸ ਵਿਚਕਾਰ ਪੰਜਾਬ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਰਾਜੇਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲੇ ਜਾ ਸਕਦੇ ਹਨ। ਰਾਜੇਵਾਲ ਨੇ ਕਿਹਾ ਕਿ ‘ਆਪ’ ਵਾਲੇ ਕਹਿ ਰਹੇ ਹਨ ਕਿ ਤੁਸੀਂ ਸਾਡੇ ਨਾਲ ਆਓ, ਅਸੀਂ ਉਮੀਦਵਾਰ ਬਦਲਾਂਗੇ।

ਰਾਜੇਵਾਲ ਨੇ ਕਿਹਾ ਕਿ ਅਸੀਂ ਅਜੇ ਕੋਈ ਫੈਸਲਾ ਨਹੀਂ ਲਿਆ ਹੈ। ਅਸੀਂ ਉਨ੍ਹਾਂ ਨੂੰ ਉਮੀਦਵਾਰਾਂ ਦੀ ਸੂਚੀ ਵੀ ਨਹੀਂ ਦਿੱਤੀ ਹੈ। ਕੁੱਝ ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਸਿਆਸੀ ਗੱਠਜੋੜ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਵੀ ਹੋਈ ਹੈ।

ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ ‘ਆਪ’ ਉਮੀਦਵਾਰਾਂ ‘ਚ ਹਲਚਲ ਮੱਚ ਗਈ ਹੈ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਖਲਬਲੀ ਦਾ ਮਾਹੌਲ ਜ਼ਿਆਦਾ ਹੈ, ਕਿਉਂਕਿ ਇਹ ਸੀਟਾਂ ਕਿਸਾਨ ਆਗੂਆਂ ਦੇ ਨਿਸ਼ਾਨੇ ’ਤੇ ਹਨ। ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 96 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ 10 ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਸਾਬਕਾ ਅਫਸਰਾਂ ਅਤੇ ਪੰਜਾਬੀ ਗਾਇਕਾਂ ‘ਤੇ ਵੀ ਦਾਅ ਖੇਡਿਆ ਗਿਆ ਹੈ। ਹੁਣ ਸਿਰਫ਼ 21 ਸੀਟਾਂ ‘ਤੇ ਉਮੀਦਵਾਰ ਐਲਾਨੇ ਜਾਣੇ ਹਨ। ਅਜਿਹੇ ‘ਚ ਜੇਕਰ ਆਮ ਆਦਮੀ ਪਾਰਟੀ ਕਿਸਾਨਾਂ ਲਈ ਕਿਤੋਂ ਉਮੀਦਵਾਰ ਬਦਲਦੀ ਹੈ ਤਾਂ ਪਾਰਟੀ ਅੰਦਰ ਵੱਡਾ ਮਤਭੇਦ ਸ਼ੁਰੂ ਹੋ ਸਕਦਾ ਹੈ।

ਪੰਜਾਬ ‘ਚ ਕਿਸਾਨ ਅੰਦੋਲਨ ਦੇ ਆਗੂਆਂ ਸੰਯੁਕਤ ਸਮਾਜ ਮੋਰਚਾ ਅਤੇ ‘ਆਪ’ ਵਿਚਾਲੇ ਗਠਜੋੜ ਦੀ ਚਰਚਾ ਹੈ। ਹਾਲਾਂਕਿ ਅਜੇ ਤੱਕ ਇਸ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਇਸ ਦਾ ਮੁੱਖ ਕਾਰਨ ਚੋਣ ਨਿਸ਼ਾਨ ਨੂੰ ਦੱਸਿਆ ਜਾ ਰਿਹਾ ਹੈ। ‘ਆਪ’ ਚਾਹੁੰਦੀ ਹੈ ਕਿ ਕਿਸਾਨ ਆਗੂ ‘ਆਪ’ ਦੇ ਚੋਣ ਨਿਸ਼ਾਨ ਝਾੜੂ ‘ਤੇ ਚੋਣ ਲੜਨ ਤਾਂ ਜੋ ਉਹ ਜਿੱਤ ਤੋਂ ਬਾਅਦ ਪਾਰਟੀ ਨਾ ਬਦਲ ਸਕਣ। ਦੂਜੇ ਪਾਸੇ ਕਿਸਾਨ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਰਵਾਇਤੀ ਸਿਆਸੀ ਪਾਰਟੀ ਦਾ ਟੈਗ ਨਾ ਲੱਗੇ।

Leave a Reply

Your email address will not be published. Required fields are marked *