ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 50 ਦੌੜਾਂ ਨਾਲ ਹਰਾਇਆ ਹੈ। ਇਸ ਮੈਚ ‘ਚ ਰਾਜਸਥਾਨ ਰਾਇਲਜ਼ ਨੇ ਪਹਿਲਾਂ ਖੇਡਦਿਆਂ 205 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਜਵਾਬ ‘ਚ ਪੰਜਾਬ ਦੀ ਟੀਮ ਨਿਰਧਾਰਤ 20 ਓਵਰਾਂ ‘ਚ 155 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਯਸ਼ਸਵੀ ਜੈਸਵਾਲ ਨੇ 67 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਰਿਆਨ ਪਰਾਗ ਨੇ ਵੀ 43 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦੂਜੇ ਪਾਸੇ ਨੇਹਾਲ ਵਢੇਰਾ ਪੰਜਾਬ ਲਈ ਸ਼ਾਨਦਾਰ ਖੇਡਿਆ ਪਰ ਸ਼੍ਰੇਅਸ ਅਈਅਰ ਫਲਾਪ ਰਿਹਾ।
ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 206 ਦੌੜਾਂ ਦਾ ਵੱਡਾ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਦਾ ਟਾਪ ਆਰਡਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਇਆ। ਜੋਫਰਾ ਆਰਚਰ ਨੇ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਪ੍ਰਿਆਂਸ਼ ਆਰੀਆ ਨੂੰ ਕਲੀਨ ਬੋਲਡ ਕਰ ਦਿੱਤਾ। ਸ਼੍ਰੇਅਸ ਅਈਅਰ ਨੇ ਆਉਂਦੇ ਹੀ ਤੂਫਾਨੀ ਬੱਲੇਬਾਜ਼ੀ ਕੀਤੀ ਪਰ ਆਰਚਰ ਨੇ ਪਹਿਲੇ ਓਵਰ ਦੀ ਆਖਰੀ ਗੇਂਦ ‘ਤੇ ਅਈਅਰ ਨੂੰ ਕਲੀਨ ਬੋਲਡ ਕਰ ਦਿੱਤਾ।