ਰਾਜਸਥਾਨ ‘ਚ ਭਜਨਲਾਲ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਸ੍ਰੀਕਰਨਪੁਰ ਵਿਧਾਨ ਸਭਾ ਸੀਟ ‘ਤੇ ਹਾਰ ਤੋਂ ਬਾਅਦ ਸੁਰੇਂਦਰ ਪਾਲ ਸਿੰਘ ਟੀਟੀ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ ਰਾਜਪਾਲ ਕਲਰਾਜ ਮਿਸ਼ਰਾ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਸੁਰਿੰਦਰ ਪਾਲ ਸਿੰਘ ਟੀਟੀ ਦਾ ਅਸਤੀਫਾ ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕਰ ਲਿਆ ਹੈ। ਦੱਸ ਦੇਈਏ ਕਿ ਵਿਧਾਇਕ ਬਣਨ ਤੋਂ ਪਹਿਲਾਂ ਭਾਜਪਾ ਨੇ ਸੁਰਿੰਦਰ ਸਿੰਘ ਟੀਟੀ ਨੂੰ ਮੰਤਰੀ ਬਣਾ ਕੇ ਭਜਨ ਲਾਲ ਸ਼ਰਮਾ ਕੈਬਨਿਟ ਵਿੱਚ ਸ਼ਾਮਿਲ ਕੀਤਾ ਸੀ। ਦਰਅਸਲ ਸ੍ਰੀਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਨੇ ਭਾਜਪਾ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਨੂੰ ਚੋਣ ਵਿੱਚ ਹਰਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਦੀ ਹਮਦਰਦੀ ਦਾ ਫਾਇਦਾ ਹੋਇਆ ਹੈ।
ਦੱਸ ਦੇਈਏ ਕਿ ਕਰਨਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਕੁੰਨਰ ਦੀ ਮੌਤ ਤੋਂ ਬਾਅਦ ਇਸ ਸੀਟ ‘ਤੇ ਚੋਣ ਰੱਦ ਕਰ ਦਿੱਤੀ ਗਈ ਸੀ। ਗੁਰਮੀਤ ਕੁੰਨਰ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੇ ਪੁੱਤਰ ਰੁਪਿੰਦਰ ਸਿੰਘ ਕੁੰਨਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਭਾਜਪਾ ਨੇ ਸੁਰਿੰਦਰ ਸਿੰਘ ਟੀ.ਟੀ. ਨੂੰ ਮੈਦਾਨ ‘ਚ ਉਤਾਰਿਆ ਸੀ। ਇਸ ਤੋਂ ਪਹਿਲਾਂ ਜਦੋਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੀ ਸੀ ਤਾਂ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਪਹਿਲਾਂ ਹੀ ਭਜਨ ਲਾਲ ਸਰਕਾਰ ਨੇ ਸੁਰਿੰਦਰ ਸਿੰਘ ਟੀਟੀ ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਬਣਾ ਦਿੱਤਾ ਸੀ।
ਹੁਣ ਸੋਮਵਾਰ ਨੂੰ ਕਰਨਪੁਰ ਸੀਟ ਲਈ ਵੋਟਾਂ ਦੀ ਗਿਣਤੀ ਹੋਈ। ਇਸ ਵਿੱਚ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਨੇ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਨੂੰ 11,283 ਵੋਟਾਂ ਨਾਲ ਹਰਾ ਦਿੱਤਾ। ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਨੂੰ 94,950 ਵੋਟਾਂ ਮਿਲੀਆਂ ਜਦਕਿ ਟੀ.ਟੀ. ਨੂੰ 83,667 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿਰਥੀਪਾਲ ਸਿੰਘ 11,940 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੇ। ਇਸ ਜਿੱਤ ਨਾਲ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 70 ਹੋ ਗਈ ਹੈ। ਸੱਤਾਧਾਰੀ ਭਾਜਪਾ ਦੇ 115 ਵਿਧਾਇਕ ਹਨ।