ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਵੜਿੰਗ ‘ਤੇ ਟਰਾਂਸਪੋਰਟ ਮੰਤਰੀ ਹੁੰਦੇ ਹੋਏ ਬੱਸਾਂ ਦੀ ਬਾਡੀ ਨੂੰ ਲੈ ਕੇ 30.24 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਲੱਗ ਰਹੇ ਹਨ। ਪੰਜਾਬ ਵਿੱਚ ਸਸਤੀ ਬਾਡੀ ਹੋਣ ਦੇ ਬਾਵਜੂਦ ਵੜਿੰਗ ਦੇ ਮੰਤਰੀ ਰਹਿੰਦੀਆਂ ਰਾਜਸਥਾਨ ਦੇ ਜੈਪੁਰ ਸਥਿਤ ਇੱਕ ਕੰਪਨੀ ਵੱਲੋਂ ਬਾਡੀ ਲਗਵਾਈ ਗਈ ਸੀ। ਇਸ ਦੇ ਲਈ ਜ਼ਿਆਦਾ ਪੈਸਾ ਖਰਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਾਜਸਥਾਨ ਨੂੰ ਬੱਸਾਂ ਭੇਜਣ ‘ਤੇ ਕਰੀਬ ਡੇਢ ਕਰੋੜ ਰੁਪਏ ਦਾ ਡੀਜ਼ਲ ਖਰਚ ਕੀਤਾ ਗਿਆ ਸੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਰਾਜਾ ਵੜਿੰਗ 3 ਮਹੀਨੇ ਤੱਕ ਟਰਾਂਸਪੋਰਟ ਮੰਤਰੀ ਰਹੇ ਸਨ। ਇਸ ਦੌਰਾਨ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਲਈ 840 ਬੱਸਾਂ ਖਰੀਦੀਆਂ ਗਈਆਂ ਸਨ। ਜਿਨ੍ਹਾਂ ਦੀ ਬਾਡੀ ਰਾਜਸਥਾਨ ਦੀ ਕੰਪਨੀ ਤੋਂ ਲਗਵਾਈ ਗਈ ਸੀ। ਰਾਜਸਥਾਨ ਦੀ ਕੰਪਨੀ ਨੇ ਬੱਸ ਦੀ ਬਾਡੀ ਲਈ 12 ਲੱਖ ਰੁਪਏ ਲਏ ਸਨ। ਇਸ ਤਰ੍ਹਾਂ ਕੁੱਲ 100.80 ਕਰੋੜ ਰੁਪਏ ਖਰਚ ਕੀਤੇ ਗਏ ਸਨ।
ਟਰਾਂਸਪੋਰਟਰ ਸੰਨੀ ਢਿੱਲੋਂ ਨੇ ਦੱਸਿਆ ਕਿ ਮੈਨੂੰ ਆਰ.ਟੀ.ਆਈ. ਵਿੱਚ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ ਭਦੌੜ ਦੇ ਹਰਗੋਬਿੰਦ ਕੋਚ ਅਤੇ ਗੋਬਿੰਦ ਕੋਚ ਨੇ ਸਰਕਾਰ ਨੂੰ 8.40 ਲੱਖ ਅਤੇ 8.25 ਲੱਖ ਰੁਪਏ ਦੀਆਂ ਕੋਟੇਸ਼ਨਾਂ ਦਿੱਤੀਆਂ ਸਨ। ਇਸ ਦੇ ਬਾਵਜੂਦ ਮੰਤਰੀ ਰਾਜਾ ਵੜਿੰਗ ਨੇ ਬਾਡੀ ਲਗਵਾਉਣ ਲਈ ਬੱਸਾਂ ਰਾਜਸਥਾਨ ਭੇਜ ਦਿੱਤੀਆਂ। ਇਸ ਤਰ੍ਹਾਂ ਇਕ ਬੱਸ ਦੀ ਬਾਡੀ ਲਈ 3 ਤੋਂ 4 ਲੱਖ ਰੁਪਏ ਹੋਰ ਖਰਚੇ ਗਏ।
ਸੰਨੀ ਢਿੱਲੋਂ ਨੇ ਦੱਸਿਆ ਕਿ 2018 ਵਿੱਚ ਪੰਜਾਬ ਦੇ ਭਦੌੜ ਤੋਂ ਪੀਆਰਟੀਸੀ ਦੀਆਂ 100 ਬੱਸਾਂ ਦੀਆਂ ਬਾਡੀਆ ਲਗਵਾਈਆਂ ਸਨ। ਉਸ ਸਮੇਂ ਪ੍ਰਤੀ ਬੱਸ 7.10 ਲੱਖ ਰੁਪਏ ਖਰਚ ਹੋਏ ਸਨ। ਉਸ ਸਮੇਂ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਰਾਜਾ ਵੜਿੰਗ ਦੀ ਥਾਂ ਰਜ਼ੀਆ ਸੁਲਤਾਨਾ ਟਰਾਂਸਪੋਰਟ ਮੰਤਰੀ ਸਨ। ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਮੈਂ ਹਰ ਰਾਡਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇਹ ਸਿਆਸੀ ਬਦਲਾਖੋਰੀ ਹੈ ਕਿਉਂਕਿ ਸਿਰਫ਼ ਸਾਬਕਾ ਮੰਤਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 99% ਕੰਮ ਅਫਸਰਾਂ ਦੇ ਕਹਿਣ ਅਨੁਸਾਰ ਹੁੰਦਾ ਹੈ। ਫਿਰ ਇਸ ਮਾਮਲੇ ਵਿੱਚ ਅਫਸਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।